ਅੰਮ੍ਰਿਤਸਰ: ਦੀਵਾਲੀ (Diwali) ਦੇ ਤਿਉਹਾਰ (Festival) ਨੂੰ ਲੈਕੇ ਦੁਕਾਨਾਂ ‘ਤੇ ਰੌਣਕਾਂ ਵਿਖਾਈ ਦੇ ਰਹੀਆਂ ਹਨ। ਅੰਮ੍ਰਿਤਸਰ ਦੀ ਨਿਊ ਮਾਰਕਿਟ ਵਿਖੇ ਪਟਾਕਾ ਵਪਾਰੀਆਂ ਵੱਲੋਂ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਲਾਇਸੈਂਸ ਮਿਲਣ ਤੋ ਬਾਅਦ ਆਪਣੀਆਂ ਦੁਕਾਨਾਂ ਨੂੰ ਸਰਕਾਰੀ ਹਿਦਾਇਤਾਂ ਨਾਲ ਖੋਲਿਆ ਹੈ। ਦੁਕਾਨਦਾਰਾਂ ਅਤੇ ਆਮ ਲੋਕਾਂ ਦੇ ਵੱਲੋਂ ਸਰਕਾਰ ਦਾ ਧੰਨਵਾਦ ਕੀਤਾ ਗਿਆ ਹੈ।
ਆਮ ਲੋਕਾਂ ਦਾ ਕਹਿਣੈ ਕਿ ਇਸ ਵਾਰ ਉਨ੍ਹਾਂ ਵੱਲੋਂ ਦੀਵਾਲੀ ਦਾ ਤਿਉਹਾਰ ਮਨਾਇਆ ਜਾਵੇਗਾ ਕਿਉਂਕਿ ਪਿਛਲੇ ਸਮੇਂ ਵਿੱਚ ਕੋਰੋਨਾ ਕਾਰਨ ਉਹ ਦੀਵਾਲੀ ਨਹੀਂ ਮਨਾ ਸਕੇ। ਇਸਦੇ ਨਾਲ ਹੀ ਉਨ੍ਹਾਂ ਸਰਕਾਰ ਦਾ ਧੰਨਵਾਦ ਕੀਤਾ ਕਿਉਂਕਿ ਪ੍ਰਸ਼ਾਸਨ ਦੇ ਵੱਲੋਂ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਦੁਕਾਨਾਂ ਸੁਰੱਖਿਅਤ ਥਾਵਾਂ ਉੱਪਰ ਲਗਾਉਣ ਲਈ ਕਿਹਾ ਗਿਆ ਹੈ।
ਓਧਰ ਦੁਕਾਨਦਾਰਾਂ ਦਾ ਕਹਿਣੈ ਕਿ ਉਨ੍ਹਾਂ ਵੱਲੋਂ ਸਰਕਾਰੀ ਹਿਦਾਇਤਾਂ ਦੇ ਅਨੁਸਾਰ ਹੀ ਸਮਾਨ ਵੇਚਿਆ ਜਾਵੇਗਾ। ਇਸ ਸਬੰਧੀ ਗੱਲਬਾਤ ਕਰਦਿਆਂ ਪਟਾਕਾ ਵਪਾਰੀਆਂ ਨੇ ਦੱਸਿਆ ਕਿ ਉਹ ਮੁੱਖ ਮੰਤਰੀ ਪੰਜਾਬ ਦੇ ਧੰਨਵਾਦੀ ਹਨ ਜਿੰਨ੍ਹਾਂ ਵੱਲੋਂ ਉਨ੍ਹਾਂ ਸਮੇਂ ਸਿਰ ਲਾਇਸੈਂਸ ਜਾਰੀ ਕੀਤੇ ਗਏ ਹਨ ਅਤੇ ਉਨ੍ਹਾਂ ਨੂੰ ਬਿਨਾਂ ਕਿਸੇ ਰੋਕ ਤੋਂ ਪਟਾਕੇ ਵੇਚਣ ਲਈ ਕਿਹਾ ਗਿਆ ਹੈ।
ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੇ ਨਾਲੋਂ ਉਨ੍ਹਾਂ ਨੂੰ ਚੰਗੀ ਕਮਾਈ ਹੋਣ ਦੀ ਆਸ ਵੀ ਹੈ ਕਿਉਂਕਿ ਬੀਤੇ ਸਾਲ ਕੋਰੋਨਾ ਕਾਰਨ ਉਨ੍ਹਾਂ ਦਾ ਕੰਮ ਕਾਫੀ ਪ੍ਰਭਾਵਿਤ ਹੋਇਆ ਸੀ। ਉਨ੍ਹਾਂ ਕਿਹਾ ਕਿ ਉਹ ਸਰਕਾਰੀ ਹਿਦਾਇਤਾਂ ਦੇ ਚਲਦਿਆਂ ਪੂਰੀ ਤਰ੍ਹਾਂ ਧਿਆਨ ਰੱਖ ਕੇ ਪਟਾਕੇ ਵੇਚ ਰਹੇ ਹਨ। ਬਾਕੀ ਜੇਕਰ ਗੱਲ ਕਰੀਏ ਮਹਿੰਗਾਈ ਦੀ ਤਾਂ ਹਰ ਪਾਸੇ ਪੈਟਰੋਲ ਅਤੇ ਡੀਜ਼ਲ ਦੀਆ ਕੀਮਤਾਂ ਵਧਣ ਕਾਰਨ ਟਰਾਂਸਪੋਰਟੇਸ਼ਨ ਮਹਿੰਗੀ ਹੋਣ ਦੇ ਚਲਦੇ ਕਿਰਾਏ ਭਾੜੇ ਕਾਰਨ ਹਰ ਸਮਾਨ ਦੀ ਕੀਮਤ ਵਧੀ ਹੈ ਜਿਸ ਨਾਲ ਪਟਾਕਿਆਂ ਦੀਆਂ ਕੀਮਤਾਂ ਦੇ ਵਿੱਚ ਵੀ 20 ਤੋਂ 25 ਫੀਸਦੀ ਇਜਾਫਾ ਵੇਖਣ ਨੂੰ ਮਿਲਿਆ ਹੈ।
ਇਹ ਵੀ ਪੜ੍ਹੋ:ਫਿਰੋਜ਼ਪੁਰ: ਜ਼ਮੀਨ ਦੇ ਟੁੱਕੜੇ ਕਾਰਨ ਗਈ ਦੋ ਭਰਾਵਾਂ ਦੀ ਜਾਨ