ਅੰਮ੍ਰਿਤਸਰ- ਹੜ੍ਹਾਂ ਕਾਰਨ ਹਰ ਇੱਕ ਚੀਜ਼ ਪ੍ਰਭਾਵਿਤ ਹੋ ਰਹੀ ਹੈ। ਮੌਸਮ ਅਨੁਸਾਰ ਸਾਉਣੀ ਦੀ ਮੁੱਖ ਫ਼ਸਲ ਝੋਨੇ ਨੂੰ ਇਸ ਵੇਲੇ ਤੱਕ ਯੂਰੀਆ ਖਾਦ ਪੈ ਜਾਣੀ ਚਾਹੀਦੀ ਹੈ ਪਰ ਯੂਰੀਆ ਖਾਦ ਦੀ ਸਪਲਾਈ ਦੀ ਹਾਲਤ ਇਸ ਵੇਲੇ ਅਜਿਹੀ ਬਣੀਂ ਪਈ ਹੈ ਕਿ ਤਕਰੀਬਨ ਸਮੂਹ ਜ਼ਿਿਲ੍ਹਆਂ ਵਿੱਚ ਕੁਝ ਕੁ ਦੁਕਾਨਾਂ ਨੂੰ ਛੱਡ ਕੇ ਕਿਸੇ ਵੀ ਦੁਕਾਨ 'ਤੇ ਖਾਦ ਉਪਲੱਬਧ ਨਹੀਂ ਹੈ।ਇਸ ਤੋਂ ਇਲਾਵਾ ਪਿੰਡਾਂ ਵਿਚਲੀਆਂ ਕੋਆਪਰੇਟਿਵ ਸੁਸਾਇਟੀਆਂ ਵੀ ਖਾਦ ਤੋਂ ਸੱਖਣੀਆਂ ਪਈਆਂ ਹਨ।
ਕਿਸਾਨਾਂ ਦੀ ਪ੍ਰੇਸ਼ਾਨੀ: ਇਸ ਮਾਮਲੇ 'ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਝੋਨੇ ਨੂੰ ਲੋੜੀਂਦੀ ਯੂਰੀਆ ਖਾਦ ਨਾ ਪਾਈ ਗਈ ਤਾਂ ਝੋਨੇ ਦਾ ਝਾੜ ਯਕੀਨੀ ਤੌਰ 'ਤੇ ਘੱਟ ਨਿਕਲੇਗਾ। ਇਹੋ ਸੋਚ ਸੋਚ ਕੇ ਕਿਸਾਨ ਚਿੰਤਾ ਦੇ ਆਲਮ ਵਿੱਚ ਘਿਰੇ ਹੋਏ ਹਨ। ਜ਼ਿਕਰਯੋਗ ਹੈ ਕਿ ਖਾਦ ਖਰੀਦਣ ਲਈ ਕਿਸਾਨ ਅੰਮ੍ਰਿਤਸਰ ਦਿਹਾਤੀ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਦੁਕਾਨਾਂ 'ਤੇ ਜਾ ਕੇ ਪਤਾ ਕਰ ਰਹੇ ਹਨ ਪਰ ਫਿਲਹਾਲ ਕਿਧਰੇ ਖਾਦ ਦੀ ਇਕ ਬੋਰੀ ਨਹੀਂ ਮਿਲ ਰਹੀ।ਇਸ ਸਬੰਧੀ ਗੱਲਬਾਤ ਕਰਨ 'ਤੇ ਪਤਾ ਚੱਲਿਆ ਹੈ ਕਿ ਬੀਤੇ ਦਿਨਾਂ ਤੋਂ ਪੰਜਾਬ ਸਣੇ ਵੱਖ ਵੱਖ ਸੂਬਿਆਂ ਵਿੱਚ ਆਏ ਹੜ੍ਹਾਂ ਕਾਰਨ ਰੇਲ ਅਤੇ ਸੜਕੀ ਮਾਰਗ ਪ੍ਰਭਾਵਿਤ ਹੋਏ ਹਨ।ਜਿਸ ਕਾਰਨ ਪੂਰਨ ਤੌਰ 'ਤੇ ਖਾਦਾਂ ਦੀ ਸਪਲਾਈ ਠੱਪ ਨਜਰ ਆ ਰਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਮਾਰਗ ਬਹਾਲ ਹੋਣ 'ਤੇ ਮੁੜ ਸਪਲਾਈ ਬਹਾਲ ਹੋ ਸਕਦੀ ਹੈ।
ਕਾਰੋਬਾਰੀਆਂ ਦਾ ਪੱਖ: ਦੂਜੇ ਪਾਸੇ ਖਾਦ ਨਾ ਮਿਲਣ ਕਰਕੇ ਖਾਦ ਦਾ ਕਾਰੋਬਾਰ ਕਰਨ ਵਾਲੇ ਡੀਲਰਾਂ ਦਾ ਵਪਾਰ ਵੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਰਿਹਾ ਹੈ। ਝੋਨੇ ਦੇ ਨਾਲ ਨਾਲ ਸਬਜ਼ੀਆਂ, ਪੱਠੇ ਅਤੇ ਹੋਰਨਾਂ ਫ਼ਸਲਾਂ ਲਈ ਵੀ ਯੂਰੀਆ ਖਾਦ ਦੀ ਮੰਗ ਕੀਤੀ ਜਾ ਰਹੀ ਹੈ ਪਰ ਖਾਦ ਨਾ ਪੈਣ ਕਰਕੇ ਹਰ ਇਕ ਫਸਲ 'ਤੇ ਮਾੜਾ ਅਸਰ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਲਗਾਤਾਰ ਹੋ ਰਹੀ ਬਰਸਾਤ ਅਤੇ ਪੰਜਾਬ ਸਮੇਤ ਹੋਰਨਾਂ ਨੇੜਲੇ ਸੂਬਿਆਂ ਵਿੱਚ ਹੜ੍ਹ ਦੇ ਪਾਣੀ ਨਾਲ ਪ੍ਰਭਾਵਿਤ ਕਈ ਇਲਾਕਿਆਂ ਵਿੱਚ ਸੜਕੀ ਅਤੇ ਰੇਲ ਮਾਰਗ ਬੰਦ ਹੋਣ ਕਾਰਨ ਬੀਤੇ ਇਕ ਹਫਤੇ ਤੋਂ ਯੂਰੀਆ ਖਾਦ ਅੰਮ੍ਰਿਤਸਰ ਨਹੀਂ ਪਹੁੰਚੀ। ਕਿਸਾਨਾਂ ਅਤੇ ਖਾਦਾਂ ਦੇ ਡੀਲਰਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਯੂਰੀਆ ਖਾਦ ਬਿਨਾਂ ਕਿਸੇ ਹੋਰ ਦੇਰੀ ਤੋਂ ਅੰਮ੍ਰਿਤਸਰ ਪਹੁੰਚਦੀ ਕੀਤੀ ਜਾਵੇ।ਇਸ ਮੌਕੇ ਜੰਡਿਆਲਾ ਗੁਰੂ ਪ੍ਰਧਾਨ ਰਮੇਸ਼ ਕੁਮਾਰ ਨੇ ਦੱਸਿਆ ਕਿ ਹੜ੍ਹਾਂ ਦੇ ਆਉਣ ਕਰਕੇ ਅਤੇ ਰੇਲਵੇ ਟਰੈਕ 'ਤੇ ਪਾਣੀ ਹੋਣ ਕਰਕੇ ਪਿੱਛੋਂ ਖਾਦ ਦੀਆਂ ਮਾਲ ਗੱਡੀਆਂ ਨਹੀਂ ਆ ਰਹੀਆਂ ਹਨ। ਜਿਸ ਨਾਲ ਕਿਸਾਨਾਂ ਨੂੰ ਖੱਜਲ ਖ਼ਆਰ ਹੋਣਾ ਪੈ ਰਿਹਾ ਹੈ।ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਯੂਰੀਆ ਖਾਦ ਦੁਕਾਨਾਂ ਤੱਕ ਮੁਹੱਈਆ ਕਰਵਾਈ ਜਾਵੇ।