ਅੰਮ੍ਰਿਤਸਰ: ਇੱਕ ਪਾਸੇ ਭਾਰਤ ਵਿੱਚ ਜੀ-20 ਸੰਮੇਲਨ ਚੱਲ ਰਿਹਾ ਹੈ ਅਤੇ ਇਹ ਸੰਮੇਲਨ ਅੰਮ੍ਰਿਤਸਰ ਵਿੱਚ ਵੀ ਹੋਣ ਜਾ ਰਿਹਾ ਹੈ। ਇਸ ਜੀ-20 ਸੰਮੇਲਨ ਨੂੰ ਲੈਕੇ ਜਿੱਥੇ ਪੰਜਾਬ ਪੁਲਿਸ ਅਤੇ ਪ੍ਰਬੰਧਕੀ ਨਿਆਂ ਪ੍ਰਸ਼ਾਸ਼ਨ ਪੱਬਾਂ ਭਾਰ ਹੈ ਉੱਥੇ ਸੂਬਾ ਸਰਕਾਰ ਵੱਲੋਂ ਪੂਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਦੂਜੇ ਪਾਸੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੀ-20 ਸੰਮੇਲਨ ਦਾ ਵਿਰੋਧ ਵੀ ਸ਼ੁਰੂ ਕਰ ਦਿੱਤਾ ਗਿਆ ਹੈ।
ਪੰਥਕ ਆਗੂਆਂ ਨੂੰ ਇਕਜੁੱਟ ਹੋ ਕੇ ਵਿਰੋਧ ਕਰਨਾ ਚਾਹੀਦਾ: ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਚੱਬਾ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ G-20 ਸਮੇਲਨ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ G20 ਸੰਮੇਲਨ ਵਿੱਚ ਮਲਿਕ ਭਾਗੋ ਜਿਹੇ ਇਨਸਾਨ ਹਿੱਸਾ ਲੈ ਰਹੇ ਹਨ ਜੋ ਸਾਡੇ ਪਾਣੀਆਂ ਉੱਤੇ ਡਾਕਾ ਪਾਉਣਾ ਚਾਹੁੰਦੇ ਹਨ ਅਤੇ ਸਿੱਖਿਆ ਨੂੰ ਇਸ ਹਿਸਾਬ ਨਾਲ ਕਰਵਾਉਣ ਚਾਹੁੰਦੇ ਹਨ ਕਿ ਆਉਣ ਵਾਲੀਆਂ ਪੀੜ੍ਹੀਆਂ ਸਿਰਫ ਅਤੇ ਸਿਰਫ ਪੂੰਜੀਵਾਦੀਆਂ ਦੇ ਮੁਤਾਬਕ ਸੋਚੋ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਜੀ-20 ਸੰਮੇਲਨ ਅੰਦਰ ਮਲਿਕ ਭਾਗੋ ਦੀ ਤਰ੍ਹਾਂ ਲੋਕਾਂ ਦਾ ਖੂਨ ਚੂਸਣ ਵਾਲੇ ਲੋਕ ਹਿੱਸਾ ਲੈਣ ਜਾ ਰਹੇ ਨੇ ਜੋ ਭਾਰਤ ਦੀ ਲੇਬਰ ਸਸਤੇ ਤਰੀਕੇ ਨਾਲ ਸਾਮਰਾਜੀ ਦੇਸ਼ਾਂ ਨੂੰ ਕਿਵੇਂ ਦਿੱਤੀ ਜਾ ਸਕੇ ਇਸ ਸਬੰਧੀ ਵਿਊਂਤਬੰਦੀ ਬਣਾਉਣਗੇ। ਪੰਧੇਰ ਨੇ ਕਿਹਾ ਕਿ ਅਜਿਹੇ ਲੋਕ ਮਲਕ ਭਾਗੋ ਦੀ ਸੋਚ ਵਾਲੇ ਲੋਕ ਹਨ ਅਤੇ ਪੰਥਕ ਆਗੂਆਂ ਨੂੰ ਇਕਜੁੱਟ ਹੋ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ।
ਲੁੱਟ ਲਈ ਕਰਵਾਇਆ ਜਾ ਰਿਹਾ ਸੰਮੇਲਨ: ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਜੀ-20 ਸੰਮੇਲਨ ਦੇ ਬਹਾਨੇ ਕਾਰਪੋਰੇਟ ਘਰਾਣੇ ਪਹਿਲਾਂ ਵੀ ਬਾਹਰੀ ਲੁਟੇਰਿਆਂ ਨੂੰ ਦੇਸ਼ ਦਾ ਸਭ ਕੁੱਝ ਲੁਟਾ ਚੁੱਕੇ ਨੇੇ। ਉਨ੍ਹਾਂ ਕਿਹਾ ਕਿ ਹੁਣ ਲੁਟੇਰਿਆਂ ਦੀ ਨਜ਼ਰ ਪੰਜਾਬ ਦੇ ਪਾਣੀਆਂ ਅਤੇ ਜ਼ਰਖ਼ੇਜ਼ ਧਰਤੀ ਉੱਤੇ ਹੈ। ਉਨ੍ਹਾਂ ਕਿਹਾ ਕਿ ਜੀ-20 ਸੰਮੇਲਨ ਵਿੱਚ ਅਮਰੀਕਾ ਵੀ ਸ਼ਾਮਿਲ ਹੋ ਰਿਹਾ ਹੈ ਜੋ ਹਮੇਸ਼ਾ ਤੋਂ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ ਐੱਮਐੱਸਪੀ ਦਾ ਵਿਰੋਧ ਕਰਦਾ ਆ ਰਿਹਾ ਹੈ। ਸਰਵਣ ਸਿੰਘ ਪੰਧੇਰ ਨੇ ਅੱਗੇ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਵੀ ਜੀ-20 ਸਮੇਲਨ ਅੰਮ੍ਰਿਤਸਰ ਵਿੱਚ ਕਰਵਾ ਕੇ ਲੁਟੇਰਿਆਂ ਦਾ ਸਾਥ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਲਗਾਤਾਰ ਇਸ ਲੋਟੂ ਸੰਮੇਲਨ ਦਾ ਵਿਰੋਧ ਕਰਦੀਆਂ ਰਹਿਣਗੀਆਂ।
ਦੱਸ ਦਈਏ ਭਲਕੇ ਤੋਂ ਅੰਮ੍ਰਿਤਸਰ ਵਿੱਚ ਜੀ-20 ਸੰਮੇਲਨ ਦਾ ਆਗਾਜ਼ ਹੋਣ ਜਾ ਰਿਹਾ ਹੈ ਜਿਸ ਨੂੰ ਲੈਕੇ ਪੰਜਾਬ ਸਰਕਾਰ ਨੇ ਵੱਡੇ ਪੱਧਰ ਉੱਤੇ ਤਿਆਰੀਆਂ ਕੀਤੀਆਂ ਹਨ। ਜੀ-20 ਸੰਮੇਲਨ ਨੂੰ ਲੈਕੇ ਕਈ ਅਫ਼ਵਾਹਾਂ ਵੀ ਉਡੀਆਂ ਅਤੇ ਸ਼ਰਾਰਤੀ ਅਨਸਰਾਂ ਨੇ ਵਿਘਨ ਪਾਉਣ ਦੀਆਂ ਚਿਤਾਵਨੀਆਂ ਵੀ ਦਿੱਤੀਆਂ ਪਰ ਆਖ਼ਿਰਕਾਰ ਇਹ ਸੰਮੇਲਨ ਗੁਰੂ ਨਗਰੀ ਵਿੱਚ ਹੋਣ ਜਾ ਰਿਹਾ ਹੈ।
ਇਹ ਵੀ ਪੜ੍ਹੋ: Punjab Summit in Amritsar: G20 ਸੰਮੇਲਨ ਮੌਕੇ ਦਲ ਖਾਲਸਾ ਅੰਮ੍ਰਿਤਸਰ 'ਚ ਕਰਵਾਏਗਾ ਪੰਜਾਬ ਸੰਮੇਲਨ, ਜਾਣੋ ਕਾਰਨ