ਅੰਮ੍ਰਿਤਸਰ: ਕਣਕ ਦੀ ਫਸਲ ਨੂੰ ਲੈ ਕੇ ਪੰਜਾਬ ਵਿੱਚ ਕੋਈ ਜ਼ਿਆਦਾ ਉਤਸ਼ਾਹ ਨਜ਼ਰ ਨਹੀਂ ਆ ਰਿਹਾ। ਕਿਉਂਕਿ ਪੰਜਾਬ ਵਿੱਚ ਇਸ ਵਾਰ ਮੌਸਮ ਖਰਾਬ ਹੋਣ ਕਾਰਨ ਫਸਲ ਖਰਾਬ ਹੋ ਗਈ ਹੈ। ਸਰਕਾਰ ਖ਼ਰਾਬ ਹੋਇਆ ਫਸਲਾਂ ਦੇ ਮੁਆਵਜ਼ੇ ਦੀ ਗੱਲ ਕਰ ਰਹੀ ਹੈ। ਪਹਿਲੇ ਹਫਤੇ ਤੋਂ ਰੁਕ ਰੁਕ ਕੇ ਹੋ ਰਹੀ ਬਰਸਾਤ ਅਤੇ ਗੜੇਮਾਰੀ ਕਾਰਨ ਕਿਸਾਨਾਂ ਦੀਆਂ ਫਸਲਾਂ ਲੱਗ ਭਗ ਤਬਾਹ ਹੋ ਚੁੱਕੀਆਂ ਹਨ। ਕੁਦਰਤ ਦੀ ਮਾਰ ਹਾਲੇ ਵੀ ਕਣਕ 'ਤੇ ਜਾਰੀ ਹੈ। ਵਾਢੀ ਕਰ ਰਹੇ ਕਿਸਾਨਾਂ ਦੀ ਫਸਲ ਉਤੇ 15 ਮਿੰਟ ਦੀ ਹੋਈ ਗੜੇਮਾਰੀ ਨੇ ਬਚੀ ਖੁਚੀ ਫਸਲ ਵੀ ਤਬਾਹ ਕਰ ਦਿੱਤੀ ਹੈ।
ਮੀਂਹ ਤੇ ਗੜੇਮਾਰੀ ਦਾ ਕਹਿਰ : ਕੁਦਰਤੀ ਮਾਰ ਤੋਂ ਪਰੇਸ਼ਾਨ ਹੋਏ ਕਿਸਾਨਾਂ ਦਾ ਕਹਿਣਾ ਹੈ ਕਿ ਸਾਨੂੰ ਰੱਬ ਦੀ ਕੁਦਰਤੀ ਮਾਰ ਤਾਂ ਪੈ ਹੀ ਰਹੀ ਹੈ ਅਤੇ ਉਪਰੋ ਸਰਕਾਰ ਵੀ ਵਾਅਦੇ ਕਰ ਮੁੱਕਰਦੀ ਨਜ਼ਰ ਆ ਰਹੀ ਹੈ ਕਿਉਂਕਿ ਸਰਕਾਰ ਨੇ ਕਿਹਾ ਸੀ ਕਿ ਖਰਾਬੇ ਦੀ ਗਿਰਦਾਵਰੀ ਕਰਵਾ ਕੇ ਮੁਆਵਜਾ ਦਿੱਤਾ ਜਾਵੇਗਾ। ਪਰ ਸਰਕਾਰ ਵੱਲੋ ਭੇਜੇ ਨਮਾਇੰਦੇ ਕਹਿ ਰਹੇ ਹਨ ਕਿ ਉਨ੍ਹਾਂ ਦੀ ਫਸਲ ਜਿਆਦਾ ਖਰਾਬ ਨਹੀਂ ਹੋਈ ਤਾਂ ਉਨ੍ਹਾਂ ਨੂੰ ਫਸਲ ਦਾ ਮੁਆਵਜ਼ਾ ਨਹੀਂ ਮਿਲੇਗਾ।
ਕਣਕ ਵਢਾਈ ਦਾ ਮੁੱਲ ਵੀ ਨਹੀਂ ਮੋੜ ਰਹੀ : ਇਸ ਦੇ ਉਲਟ ਮੀਡੀਆ ਦੇ ਕੈਮਰੇ ਸਾਹਮਣੇ ਆਪਣੀ ਫਸਲ ਦਿਖਾਉਦੇ ਕਿਸਾਨਾਂ ਨੇ ਕਿਹਾ ਕਿ ਇਕ ਕਣਕ ਦੀ ਬੱਲੀ ਵਿੱਚੋਂ 6ਤੋਂ 7 ਦਾਣੇ ਨਿਕਲ ਰਹੇ ਹਨ ਫਿਰ ਵੀ ਸਰਕਾਰ ਦੇ ਨੁਮੰਦੇਇਆਂ ਦੇ ਹਿਸਾਬ ਨਾਲ ਇਹ ਕਣਕ ਠੀਕ ਕਿਸ ਤਰ੍ਹਾਂ ਹੋਈ। ਕਿਸਾਨਾਂ ਨੇ ਕਿਹਾ ਕਿ ਜੇਕਰ ਉਹ ਵਾਢੀ ਲਈ ਕੰਬਾਇਨ ਮੰਗਵਾਉਦੇ ਹਨ ਇਹ ਕਣਕ ਤਾਂ ਉਸ ਦੀ ਵਢਾਈ ਦਾ ਪੈਸਾ ਵੀ ਵਾਪਸ ਨਹੀਂ ਕਰਵਾਏਗੀ। ਮੰਡੀ ਵਿੱਚ ਇਸ ਨੂੰ ਫੱਕ ਵਿੱਚ ਵੀ ਨਹੀਂ ਰੱਖਣਗੇ।
ਸਰਕਾਰ ਤੋਂ ਉਮੀਦ ਨਹੀਂ : ਉਨ੍ਹਾਂ ਕਿਹਾ ਕਿ ਤਿੰਨ ਸਾਲ ਤੋਂ ਉਹ ਪਰਾਲੀ ਵੀ ਨਹੀਂ ਸਾੜ ਰਹੇ ਅਤੇ ਸਿੱਧੀ ਬਿਜਾਈ ਵੀ ਕਰ ਰਹੇ ਹਨ ਪਰ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜਨ 'ਤੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਜ਼ਮੀਨੀ ਪੱਧਰ 'ਤੇ ਹਲਾਤਾਂ ਤੋਂ ਜਾਣੂ ਹੋ ਕੇ ਕਿਸਾਨਾਂ ਨੂੰ ਫ਼ਸਲਾਂ ਦਾ ਮੁਆਵਜਾ ਜਲਦ ਅਦਾ ਕੀਤਾ ਜਾਵੇ। ਜੋ ਇਸ ਨੁਕਸਾਨ ਤੋਂ ਉਪਰ ਉਠ ਕੇ ਉਹ ਅਗਲੀ ਫਸਲ ਬੀਜ ਸਕਣ।