ਅੰਮ੍ਰਿਤਸਰ: ਕਿਸਾਨ ਜਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਸਿਧੂਪੁਰ ਨੇ ਅੰਮ੍ਰਿਤਸਰ ਜਲੰਧਰ ਮੁੱਖ ਮਾਰਗ ਨੂੰ ਜਾਮ ਕਰ ਦਿੱਤਾ ਹੈ। ਕਿਸਾਨਾਂ ਵੱਲੋਂ ਵੱਖ ਵੱਖ ਮੰਗਾਂ ਨੂੰ ਲੈ ਕੇ ਇਹ ਧਰਨਾ ਮਾਨਾਂਵਾਲਾ ਟੋਲ ਪਲਾਜ਼ਾ ਜੰਡਿਆਲਾ ਗੁਰੂ ਵਿਖੇ ਲਗਾਇਆ ਗਿਆ ਹੈ। ਇਸ ਕਾਰਨ ਅੰਮ੍ਰਿਤਸਰ ਨੂੰ ਆਉਣ ਅਤੇ ਜਾਣ ਵਾਲੀ ਟ੍ਰੈਫਿਕ ਪ੍ਰਭਾਵਿਤ ਹੋਈ ਹੈ, ਹਾਲਾਂਕਿ ਕਿਸਾਨਾਂ ਵਲੋਂ ਲਗਾਏ ਗਏ ਇਸ ਧਰਨੇ ਦੀ ਸੂਚਨਾ (Farmers Blocked Highway) ਮਿਲਦੇ ਸਾਰ ਹੀ ਮੌਕੇ ਉੱਤੇ ਪੁੱਜੇ ਐਸਪੀ ਅੰਮ੍ਰਿਤਸਰ ਦਿਹਾਤੀ ਜੁਗਰਾਜ ਸਿੰਘ ਅਤੇ ਹੋਰਨਾਂ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਕਿਸਾਨਾਂ ਵਲੋਂ ਸੜਕ ਤੋਂ ਇਕ ਤਰਫਾ ਟ੍ਰੈਫਿਕ ਨੂੰ ਲੰਘਾਇਆ ਗਿਆ ਹੈ।
ਸਰਕਾਰ ਕਰ ਰਹੀ ਸਿਰਫ਼ ਐਲਾਨ : ਚੱਕਾ ਜਾਮ ਦਾ ਕਾਰਨ ਪੁੱਛਣ ਉੱਤੇ ਕਿਸਾਨ ਆਗੂ ਬਲਵਿੰਦਰ ਸਿੰਘ ਮਾਹਲ ਨੇ ਪੰਜਾਬ ਸਰਕਾਰ ਉੱਤੇ ਇਲਜਾਮ ਲਗਾਉਂਦਿਆਂ ਕਿਹਾ ਕਿ ਸਰਕਾਰ ਡਰਾਮਾ ਕਰ ਰਹੀ ਹੈ ਅਤੇ ਸਿਰਫ ਐਲਾਨ ਹੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵਲੋਂ ਕਿਸਾਨਾਂ ਨੂੰ ਨਿਰਵਿਘਨ ਬਿਜਲੀ ਸਪਲਾਈ ਦਾ ਭਰੋਸਾ ਦਿੱਤਾ ਗਿਆ ਸੀ ਪਰ ਹੁਣ ਜਦੋਂ ਝੋਨੇ ਦੀ ਫਸਲ ਪੱਕ ਕੇ ਤਿਆਰ ਖੜੀ ਹੈ ਤਾਂ ਪੰਜਾਬ ਸਰਕਾਰ ਵਲੋਂ ਸਿਰਫ 3 ਤੋਂ 4 ਘੰਟੇ ਬਿਜਲੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਐਲਾਨ ਹੁੰਦੇ ਹਨ ਪਰ ਉਨ੍ਹਾਂ ਐਲਾਨਾਂ ਤੇ ਅਮਲ ਨਹੀਂ ਹੁੰਦਾ ਹੈ।
ਉਨ੍ਹਾਂ ਕਿਹਾ ਕਿ ਕਥਿਤ ਭੂ-ਮਾਫੀਆ ਵੱਲੋਂ ਸਾਡੇ ਲੁਧਿਆਣੇ ਦੇ ਕਿਸਾਨ ਦੀ ਜ਼ਮੀਨ 'ਤੇ ਕਥਿਤ ਰੂਪ ਵਿੱਚ ਕਬਜਾ ਕਰ ਲਿਆ ਗਿਆ।ਜਿਸ ਦੇ ਚਲਦੇ ਸਾਡੇ ਕਿਸਾਨ ਵੀਰ ਵੱਲੋ ਖ਼ੁਦਕੁਸ਼ੀ ਕਰ ਲਈ ਗਈ ਅਤੇ ਉਸਦਾ ਇਨਸਾਫ ਲੈਣ (Slogans against the state government) ਲਈ ਕਿਸਾਨਾਂ ਵਲੋਂ ਬੀਤੇ ਦਿਨਾਂ ਤੋਂ ਲੁਧਿਆਣਾ ਵਿੱਚ ਭੁੱਖ ਹੜਤਾਲ ਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਪੰਜਾਬ ਸਰਕਾਰ ਵੱਲੋਂ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ। ਇਸ ਕਾਰਨ ਕਿਸਾਨਾਂ ਵਿੱਚ ਰੋਸ ਦਾ ਆਲਮ ਹੈ ਅਤੇ ਇਨਸਾਫ ਨਾ ਮਿਲਦਾ ਦੇਖ ਕੇ ਅੱਜ 11 ਸਥਾਨਾਂ ਤੇ ਪੰਜਾਬ ਵਿੱਚ ਕਿਸਾਨਾਂ ਵਲੋਂ ਧਰਨੇ ਲਗਾਏ ਗਏ ਹਨ ਅਤੇ ਜਦੋਂ ਤਕ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਉਦੋਂ ਤਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।