ਅੰਮ੍ਰਿਤਸਰ: ਇੱਕ ਪਾਸੇ ਜਿੱਥੇ ਸਰਕਾਰਾਂ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਅਤੇ ਪਾਣੀ ਦੀ ਬੱਚਤ ਲਈ ਵੱਖ-ਵੱਖ ਕੈਂਪ ਲਗਾ ਕੇ ਅਤੇ ਸਕੀਮਾਂ ਚਲਾ ਕੇ ਕਿਸਾਨਾਂ ਨੂੰ ਫਸਲੀ ਚੱਕਰ ਤੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਉਧਰ ਦੂਸਰੇ ਪਾਸੇ ਕਈ ਫ਼ਸਲਾਂ ਦੇ ਸਹੀ ਭਾਅ ਨਾ ਮਿਲਣ ਕਾਰਨ ਮਜਬੂਰੀ ਦੇ ਚੱਲਦੇ ਕਿਸਾਨ ਮੁੜ ਤੋਂ ਕਣਕ ਝੋਨੇ ਦੇ ਚੱਕਰ ਵਿੱਚ ਫਸੇ ਹੋਏ ਨਜ਼ਰ ਆ ਰਹੇ ਹਨ।
ਰਵਾਇਤੀ ਫ਼ਸਲਾਂ ਵੱਲ ਵਧੇ ਕਿਸਾਨ: ਕਣਕ ਝੋਨੇ ਦੇ ਫ਼ਸਲੀ ਚੱਕਰ ਤੋਂ ਨਿਕਲਣ ਲਈ ਜਦ ਵੀ ਕਿਸਾਨ ਸਬਜ਼ੀਆਂ ਅਤੇ ਫਲ ਫਰੂਟ ਜਾਂ ਬਦਲਵੇਂ ਖੇਤੀ ਪ੍ਰਬੰਧ ਕਰਦੇ ਹਨ ਤਾਂ ਬਾਜ਼ਾਰ ਦੇ ਵਿੱਚ ਉਸ ਦੀ ਸਹੀ ਕੀਮਤ ਨਾ ਮਿਲਣ ਕਾਰਨ ਦੁਖੀ ਕਿਸਾਨ ਮੁੜ ਤੋਂ ਰਵਾਇਤੀ ਫ਼ਸਲਾਂ ਵੱਲ ਹੀ ਆਪਣਾ ਝੁਕਾ ਰੱਖ ਰਹੇ ਹਨ ਕਿਉਂਕਿ ਮੌਸਮ ਅਨੁਸਾਰ ਕਿਸਾਨਾਂ ਵਲੋਂ ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਖੇਤਰ 'ਚ ਸਬਜ਼ੀਆਂ ਵਧੇਰੇ ਲਗਾਈਆਂ ਜਾਂਦੀਆਂ ਹਨ। ਉਧਰ ਕਿਸਾਨਾਂ ਦੀ ਆਲੂ ਅਤੇ ਮਟਰਾਂ ਦੀ ਪੁੱਤਾ ਵਾਂਗ ਪਾਲੀ ਹੋਈ ਫ਼ਸਲ ਦਾ ਠੀਕ ਮੁੱਲ ਨਾ ਮਿਲਣ ਕਾਰਨ ਕਿਸਾਨਾਂ ਵਿੱਚ ਨਿਰਾਸ਼ਾ ਦਾ ਆਲਮ ਹੈ। (Crop cycle of wheat and paddy)
ਠੀਕ ਮੁੱਲ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ: ਇਸ ਦੌਰਾਨ ਜੰਡਿਆਲਾ ਗੁਰੂ ਦੇ ਨਜ਼ਦੀਕੀ ਪਿੰਡ ਗੁਨੋਵਾਲ ਵਿਖੇ ਕਿਸਾਨਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਵਾਰ ਆਲੂ ਅਤੇ ਮਟਰਾਂ ਦਾ ਠੀਕ ਮੁੱਲ ਨਾ ਮਿਲਣ ਕਰਕੇ ਉਨ੍ਹਾਂ ਨੂੰ ਬਹੁਤ ਘਾਟਾ ਪਿਆ ਹੈ। ਉਨ੍ਹਾਂ ਦੱਸਿਆ ਕਿ ਇੱਕ ਏਕੜ ਮਟਰਾਂ ਦੀ ਫਸਲ ਬੀਜਣ 'ਤੇ ਲੱਗਭੱਗ 25 ਤੋਂ 30 ਹਜ਼ਾਰ ਰੁਪਏ ਖਰਚਾ ਆਉਂਦਾ ਹੈ। ਜਿਸ ਵਿੱਚ ਖਾਦਾਂ, ਦਵਾਈਆਂ, ਡੀਜ਼ਲ,ਲੇਬਰ ਆਦਿ ਸ਼ਾਮਿਲ ਹਨ ਪਰ ਇਸ ਵਾਰ ਮਟਰਾਂ ਦਾ ਵਧੀਆ ਮੁੱਲ ਨਾ ਮਿਲਣ ਕਾਰਨ ਸਾਡੀ ਲਾਗਤ ਵੀ ਪੂਰੀ ਨਹੀਂ ਹੋਈ।
ਪੰਜਾਬ ਖੇਤੀ ਪ੍ਰਧਾਨ ਸੂਬਾ ਹੈ, ਲੋਕਾਂ ਖੇਤੀ 'ਤੇ ਜਿਆਦਾ ਨਿਰਭਰ ਹੈ। ਇਸ ਲਈ ਜੇ ਖੇਤੀ 'ਚ ਪੈਸੇ ਦੀ ਬੱਚਤ ਹੋਵੇਗੀ ਤਾਂ ਹੀ ਬਾਜ਼ਾਰਾਂ 'ਚ ਪੈਸਾ ਜਾਵੇਗਾ ਤੇ ਸਾਰੇ ਪੰਜਾਬ ਦਾ ਸਰਕਲ ਵਧੀਆ ਚੱਲੇਗਾ। ਇਸ ਲਈ ਸਰਕਾਰਾਂ ਨੂੰ ਚਾਹੀਦਾ ਕਿ ਪੰਜਾਬ ਦੇ ਨਾਲ ਲੱਗਦਾ ਪਾਕਿਸਤਾਨ ਦਾ ਬਾਰਡਰ ਵਪਾਰ ਲਈ ਖੋਲ੍ਹਣਾ ਚਾਹੀਦਾ ਹੈ ਤਾਂ ਜੋ ਕਿਸਾਨ ਆਪਣੀ ਫ਼ਸਲ ਤੇ ਸਬਜੀਆਂ ਦਾ ਕੌਮਾਂਤਰੀ ਪੱਧਰ 'ਤੇ ਵਪਾਰ ਕਰ ਸਕਣ।- ਪ੍ਰਗਟ ਸਿੰਘ, ਕਿਸਾਨ
ਕਿਸਾਨਾਂ 'ਤੇ ਦੋਹਰੀ ਪੈ ਰਹੀ ਮਾਰ: ਇਸ ਦੇ ਨਾਲ ਹੀ ਕਿਸਾਨਾਂ ਨੇ ਦੱਸਿਆ ਕਿ ਮਜਬੂਰ ਹੋ ਕੇ ਅਗਲੀ ਫਸਲ ਲੈਣ ਲਈ ਉਨ੍ਹਾਂ ਨੂੰ ਆਪਣੀ ਮਟਰਾਂ ਦੀ ਫਸਲ ਨੂੰ ਵਾਹੁਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀ ਜ਼ਿਆਦਾ ਬਰਸਾਤਾਂ ਹੋਣ ਕਾਰਨ ਮਟਰਾਂ ਦੀ ਫ਼ਸਲ ਨੂੰ ਖੇੜਾ ਨਾਮ ਦੀ ਬਿਮਾਰੀ ਪੈ ਗਈ ਸੀ, ਜਿਸ ਕਾਰਣ ਮਟਰਾਂ ਦੀਆਂ ਬੂਟੀਆਂ ਦੀਆਂ ਜੜ੍ਹਾਂ ਗਲ ਗਈਆਂ ਸਨ ਤੇ ਇਸ ਨਾਲ ਝਾੜ ਵੀ ਘੱਟ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਝਾੜ ਘੱਟ ਨਿਕਲਣ ਕਾਰਨ ਇੱਕ ਤਾਂ ਕਿਸਾਨਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ ਤੇ ਦੂਜਾ ਸਹੀ ਮੁੱਲ ਨਾ ਹੋਣ ਕਾਰਨ ਦੋਹਰੀ ਮਾਰ ਝੱਲਣੀ ਪੈ ਰਹੀ ਹੈ।
ਟੇਕੇ 'ਤੇ ਜ਼ਮੀਨਾਂ ਦੇ ਨਹੀਂ ਮੁੜ ਰਹੇ ਮੁੱਲ: ਕਿਸਾਨਾਂ ਦਾ ਕਹਿਣਾ ਕਿ ਦੋਹਰੀ ਮਾਰ ਪੈਣ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਨਾਲ ਸਾਡੀ ਫ਼ਸਲਾਂ ਦੇ ਮੁੱਲ ਤੱਕ ਨਹੀਂ ਮੁੜ ਰਹੇ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਿਸਾਨਾਂ ਨੇ ਠੇਕੇ 'ਤੇ ਜ਼ਮੀਨ ਲੈ ਕੇ ਫਸਲ ਬੀਜੀ ਹੋਈ ਹੈ, ਜਿਸ ਦਾ ਪ੍ਰਤੀ ਏਕੜ 55 ਤੋਂ 60 ਹਜ਼ਾਰ ਰੁਪਏ ਸਾਲ ਦਾ ਠੇਕਾ ਦਿੱਤਾ ਗਿਆ ਹੈ ਪਰ ਘੱਟ ਮੁੱਲ ਮਿਲਣ ਕਾਰਨ ਸਾਨੂੰ ਠੇਕਾ ਦੇਣਾ ਵੀ ਮੁਸਕਿਲ ਹੋ ਗਿਆ ਹੈ।
- ਸੁਖਬੀਰ ਬਾਦਲ ਦੀ ਮੁਆਫ਼ੀ ਨੂੰ ਲੈ ਕੇ ਮੰਤਰੀ ਜੌੜੇਮਾਜਰਾ ਦਾ ਬਿਆਨ, ਕਿਹਾ- ਪੰਜਾਬ 'ਚ ਡਾਇਨਾਸੌਰ ਆ ਸਕਦੇ ਪਰ ਅਕਾਲੀ ਨਹੀਂ ਆਉਂਦੇ
- ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਲੈਕੇ ਲਾਰੈਂਸ ਦੀ ਅਦਾਲਤ 'ਚ ਲਾਈ ਅਰਜੀ ਆਈ ਸਾਹਮਣੇ, ਲਿਖਿਆ-ਮੇਰੀ ਮੂਸੇਵਾਲਾ ਨਾਲ ਕੋਈ ਦੁਸ਼ਮਣੀ ਨਹੀਂ ਸੀ
- ਲਾਰੈਂਸ ਬਿਸ਼ਨੋਈ ਦਾ ਜੇਲ੍ਹ ਤੋਂ ਇੰਟਰਵਿਊ ਦਾ ਮਾਮਲਾ, ਏਡੀਜੀਪੀ ਜੇਲ੍ਹਾਂ ਨੇ ਹਾਈਕੋਰਟ 'ਚ ਆਖੀ ਇਹ ਵੱਡੀ ਗੱਲ
ਕੌਮਾਂਤਰੀ ਵਪਾਰ ਖੋਲ੍ਹਣ ਨਾਲ ਮਿਲ ਸਕਦਾ ਲਾਭ: ਕਿਸਾਨਾਂ ਨੇ ਇਸ ਦਾ ਹੱਲ ਦੱਸਦਿਆਂ ਹੋਇਆਂ ਕਿਹਾ ਕਿ ਜੇਕਰ ਸਰਕਾਰ ਪਾਕਿਸਤਾਨ ਦੇ ਬਾਰਡਰ ਰਾਹੀਂ ਹੋਰ ਕੌਮਾਂਤਰੀ ਪੱਧਰ 'ਤੇ ਸਬਜੀਆਂ ਤੇ ਫ਼ਸਲਾਂ ਦਾ ਵਪਾਰ ਕਰਦੀ ਹੈ ਤਾਂ ਕਿਸਾਨਾਂ ਨੂੰ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਨਾਲ ਕਿਸਾਨਾਂ ਨੂੰ ਫ਼ਸਲਾਂ ਦਾ ਚੰਗਾ ਮੁੱਲ ਮਿਲ ਸਕੇਗਾ, ਜਿਸ ਨਾਲ ਕਿਸਾਨ ਖੁਸ਼ਹਾਲ ਹੋਵੇਗਾ ਅਤੇ ਵਪਾਰੀ ਵੀ ਖੁਸ਼ਹਾਲ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਇਸ ਦੀ ਆਮਦਨ 'ਚ ਵਾਧਾ ਕਰਨ ਲਈ ਇਹ ਸਭ ਤੋਂ ਜ਼ਰੂਰੀ ਹੈ।