ਅੰਮ੍ਰਿਤਸਰ: ਸਥਾਨਕ ਵਾਰ ਮੈਮੋਰੀਅਲ ਵਿੱਚ ਕਾਰਗਿਲ ਵਿਜੈ ਦਿਵਸ ਦੀ 20ਵੀਂ ਵਰ੍ਹੇਗੰਢੀ ਮਨਾਈ ਗਈ ਜਿਸ ਤਹਿਤ ਸ਼ਹੀਦਾ ਦੇ ਪਰਿਵਾਰਾਂ ਤੇ ਜੰਗ ਵਿੱਚ ਜ਼ਖ਼ਮੀ ਹੋਏ ਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸਾਂਸਦ ਗੁਰਜੀਤ ਸਿੰਘ ਔਜਲਾ ਨੂੰ ਸੱਦਾ ਦਿੱਤਾ ਗਿਆ ਸੀ ਪਰ ਕਿਸੇ ਕਾਰਨਾਂ ਕਰਕੇ ਉਹ ਸ਼ਹਿਰ ਵਿੱਚ ਨਹੀਂ ਸਨ ਜਿਸ ਦੇ ਚਲਦਿਆਂ ਉਨ੍ਹਾਂ ਦੇ ਮਾਤਾ ਜਗੀਰ ਕੌਰ ਮੁੱਖ ਮਹਿਮਾਨ ਵਜੋਂ ਪੁੱਜੇ।
ਇਹ ਵੀ ਪੜ੍ਹੋ: ਕੈਪਟਨ ਨੇ ਕਾਰਗਿਲ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ੇਅਰ ਕੀਤੀ ਭਾਵੁਕ ਵੀਡੀਓ
ਇਸ ਬਾਰੇ ਦਰਾਸ ਸੈਕਟਰ 'ਚ ਤਾਇਨਾਤ ਸੁਖਬੀਰ ਸਿੰਘ ਨੇ ਦੱਸਿਆ ਕਿ ਉਸ ਨੂੰ ਟਾਈਗਰ ਹਿੱਲ 'ਤੇ ਦੁਸ਼ਮਨ ਨਾਲ ਲੜਦਿਆਂ ਗ਼ੋਲੀ ਵੱਜੀ ਸੀ ਤੇ ਬਰਫ਼ੀਲਾ ਇਲਾਕਾ ਹੋਣ ਕਰਕੇ ਲੜਾਈ ਵੀ ਬੜੀ ਮੁਸ਼ਕਿਲ ਸੀ। ਇਸ ਦੇ ਨਾਲ ਹੀ ਉਨ੍ਹਾਂ ਦੱਸਿਆ ਕਿ ਸਾਨੂੰ ਦੇਸ਼ ਵਾਸੀਆਂ ਨੇ ਬੜਾ ਹੌਂਸਲਾ ਦਿੱਤਾ ਤੇ ਮਦਦ ਵੀ ਕੀਤੀ ਜਿਸ ਕਰਕੇ ਭਾਰਤੀ ਫ਼ੌਜ ਨੇ ਜਿੱਤ ਹਾਸਿਲ ਕੀਤੀ।
ਉੱਥੇ ਹੀ ਸੰਸਦ ਗੁਰਜੀਤ ਸਿੰਘ ਔਜਲਾ ਦੀ ਮਾਤਾ ਜਗੀਰ ਕੌਰ ਨੇ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਜਿਸ ਤਰ੍ਹਾਂ ਮਾਂ ਦੇ ਦੁੱਧ ਦਾ ਕਰਜ਼ ਨਹੀਂ ਉਤਾਰਿਆ ਜਾ ਸਕਦਾ ਉਸੇ ਤਰ੍ਹਾਂ ਹੀ ਫ਼ੌਜੀ ਜਵਾਨਾਂ ਦਾ ਕਰਜ਼ ਵੀ ਨਹੀਂ ਉਤਾਰਿਆ ਜਾ ਸਕਦਾ। ਇਸ ਦੇ ਨਾਲ ਹੀ ਕਾਂਗਰਸ ਦੇ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਇਨ੍ਹਾਂ ਫ਼ੌਜੀ ਵੀਰ ਜਵਾਨਾਂ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਜਿਨ੍ਹਾਂ ਆਪਣੀ ਦੇਸ਼ ਲਈ ਜਾਨ 'ਤੇ ਖੇਡ ਕੇ ਸਾਡੀ ਰੱਖਿਆ ਕੀਤੀ।