ਅੰਮ੍ਰਿਤਸਰ: ਈਟੀਵੀ ਭਾਰਤ ਦੀ ਟੀਮ ਨੇ ਬਾਦਸ਼ਾਹ ਦਰਗਾਹ ਮਸਾਨੀਆਂ ਦੇ ਮੁੱਖ ਸੇਵਾਦਾਰ ਯੂਨਿਸ ਖ਼ਾਨ ਨਾਲ ਵਿਸ਼ੇਸ਼ ਗੱਲਬਾਤ ਕੀਤੀ ਗਈ। ਉਨ੍ਹਾਂ ਕਿਹਾ ਕਿ ਬਾਬਾ ਬੱਦਰ ਸ਼ਾਹ "ਅਬਦੁਲ ਜਲਾਲੀ" ਖਾਨਦਾਨ ਵਿਚੋਂ ਸਨ, ਉਹ ਬਗਦਾਦ ਦੇ ਵਸਨੀਕ ਸਨ ਤੇ ਬੰਦਗੀ ਕਰਦੇ ਸਨ।
ਉਨ੍ਹਾਂ ਦੱਸਿਆ ਕਿ ਬਾਬਾ ਬੱਦਰ ਸ਼ਾਹ ਜੀ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਬਗਦਾਦ ਸਮੇਤ ਦੋ ਵਾਰ ਗੋਸ਼ਟੀ ਹੋਈ। ਬਗਦਾਦ ਵਿਖੇ ਜਦੋਂ ਬਾਬਾ ਬੱਦਰ ਸ਼ਾਹ ਦੀ ਭਗਤੀ ਪੂਰੀ ਹੋਈ, ਗੁਰੂ ਜੀ ਨੇ ਇੱਕ ਪਾਣੀ ਦਾ ਲੋਟਾ ਅਤੇ ਜੌ ਦੀ ਮੁੱਠ ਦੇ ਕੇ ਕਿਹਾ ਕਿ ਇੱਕ ਘੁੱਟ ਪਾਣੀ ਪੀਣਾ ਤੇ ਇੱਕ ਜੌਂ ਦਾਣਾ ਛੱਕਣਾ ਜਿੱਥੇ ਖਤਮ ਹੋ ਜਾਵੇ, ਉੱਥੇ ਹੀ ਡੇਰਾ ਲਾ ਲੈਣਾ।
ਬਾਬਾ ਯੂਨਿਸ ਸ਼ਾਹ ਨੇ ਦੱਸਿਆ ਕਿ ਬਾਬਾ ਬੱਦਰ ਸ਼ਾਹ ਲਾਹੌਰ ਵੀ ਠਹਿਰੇ ਤੇ ਫਿਰ ਚੱਲਦੇ ਚੱਲਦੇ ਸੰਗਤਪੁਰਾ ਪਹੁੰਚੇ, ਉੱਥੇ ਭਗਤੀ ਕਰਨ ਲੱਗੇ ਤੇ ਬੀਬੀਆਂ ਨੇ ਜਲ ਪਾਣੀ ਛਕਾਇਆ। ਉਨ੍ਹਾਂ ਦੱਸਿਆ ਕਿ ਇੱਕ ਦਿਨ ਬੀਬੀਆਂ ਨੇ ਬਾਬਾ ਜੀ ਨਾਲ ਮਖੌਲ ਕੀਤਾ ਕਿ ਸਾਡਾ ਆਟਾ ਪੀਹ ਦਿਆ ਕਰੋ ਤਾਂ ਬਾਬਾ ਜੀ ਨੇ ਹਾਂ ਕਰ ਦਿੱਤੀ। ਜਦੋਂ ਇੱਕ ਦਿਨ ਬਾਬਾ ਜੀ ਸ਼ਾਮ ਨੂੰ ਕੁਰਾਨ ਸ਼ਰੀਫ਼ ਪੜ੍ਹਨ ਲੱਗੇ ਤਾਂ ਸਾਰੀਆਂ ਚੱਕੀਆਂ ਚੱਲਣ ਲੱਗੀਆਂ।
ਚੱਕੀਆਂ ਦੀ ਆਵਾਜ਼ ਸੁਣ ਕੇ ਬੀਬੀਆਂ ਘਰਾਂ ਤੋਂ ਬਾਹਰ ਆਈਆਂ ਤੇ ਉਨ੍ਹਾਂ ਨੇ ਬਾਬੇ ਦੀ ਕਰਾਮਾਤ ਦੇਖ ਕੇ ਆਪਣੇ ਮਜ਼ਾਕ ਦੀ ਮੁਆਫ਼ੀ ਮੰਗੀ। ਉਨ੍ਹਾਂ ਦੱਸਿਆ ਕਿ ਬਾਬਾ ਜੀ ਜਿੱਥੇ ਵੀ ਠਹਿਰਦੇ ਸਨ ਉੱਥੇ "ਅੱਲ" ਦੀ ਦਾਤਣ ਕਰਦੇ ਤੇ ਜਿਸ ਕਰਕੇ "ਅੱਲ" ਦੇ ਦਰੱਖ਼ਤ ਅੱਜ ਵੀ ਖੜ੍ਹੇ ਹਨ।
ਇਸ ਤੋਂ ਬਾਅਦ ਬਾਬਾ ਜੀ ਮਸਾਨੀਆਂ ਪਿੰਡ ਆ ਕੇ ਭਗਤੀ ਕਰਨ ਲੱਗੇ ਤੇ ਇੱਥੇ ਹੀ ਸਮਾ ਗਏ, ਬਾਬਾ ਬੱਦਰ ਸ਼ਾਹ ਦੀ ਮਹਿਮਾ ਦੂਰ-ਦੂਰ ਤੱਕ ਫੈਲ ਗਈ।