ਅੰਮ੍ਰਿਤਸਰ: ਕੌਮਾਂਤਰੀ ਹੱਦਾਂ-ਸਰਹੱਦਾਂ ਤੋਂ ਉੱਤੇ ਉੱਠਦਿਆਂ ਦੇਸ਼-ਵਿਦੇਸ਼ ਵਿੱਚ ਲੋੜਵੰਦਾਂ ਲਈ ਮਸੀਹਾ ਬਣ ਪਹੁੰਚ ਕੇ ਲੋਕ ਸੇਵਾ ਦੀਆਂ ਨਵੀਆਂ ਮਿਸਾਲਾਂ ਸਿਰਜ ਰਹੇ ਉੱਘੇ ਕਾਰੋਬਾਰੀ ਡਾ: ਐੱਸ. ਪੀ. ਸਿੰਘ ਓਬਰਾਏ ਦੀ ਬਦੌਲਤ ਅੱਜ ਇੱਕ ਭਾਰਤੀ ਅਤੇ ਤਿੰਨ ਪਾਕਿਸਤਾਨੀ ਨੌਜਵਾਨਾਂ ਦੀ ਸ਼ਾਰਜਾਹ ਵਿਖੇ ਫਾਂਸੀ ਦੀ ਸਜ਼ਾ ਮੁਆਫ਼ ਹੋਣ ਦੀ ਉਮੀਦ ਪੱਕੀ ਹੋ ਗਈ ਹੈ।ਇਹ ਚਾਰੇ ਨੌਜਵਾਨ ਸਾਲ 2019 ਤੋਂ ਸ਼ਾਰਜਾਹ ਵਿਖੇ ਇੱਕ ਹੋਰ ਭਾਰਤੀ ਨੌਜਵਾਨ ਦੇ ਕਤਲ ਦੇ ਮਾਮਲੇ ਵਿੱਚ ਫੜੇ ਗਏ ਸਨ। ਇਹਨਾਂ ਨੌਜਵਾਨਾਂ ਵਿੱਚ ਭਾਰਤੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਨਾਲ ਸੰਬੰਧਿਤ ਗੁਰਪ੍ਰੀਤ ਸਿੰਘ ਅਤੇ ਪਾਕਿਸਤਾਨੀ ਪੰਜਾਬ ਨਾਲ ਸੰਬੰਧਿਤ ਰਾਓ ਮੁਹੰਮਦ ਆਦਿਲ, ਰਾਣਾ ਤਾਬਿਸ਼ ਰਸ਼ੀਦ ਅਤੇ ਆਦਿਲ ਜਾਵੇਦ ਚੀਮਾ ਸ਼ਾਮਿਲ ਹਨ।
ਬਲੱਡ ਮਨੀ ਲਈ ਸਹਿਮਤ ਕਰਵਾਇਆ ਪਰਿਵਾਰ: ਗੁਰਦਾਸਪੁਰ ਜ਼ਿਲ੍ਹੇ ਦੇ ਗੁਰਪ੍ਰੀਤ ਸਿੰਘ ਦੇ ਪਰਿਵਾਰ ਵੱਲੋਂ (SARBAT DA BHLA TRUST ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਅੰਮ੍ਰਿਤਸਰ ਦੀ ਇਕਾਈ ਨਾਲ ਸੰਪਰਕ ਕਰਨ ਤੋਂ ਬਾਅਦ ਡਾ: ਐੱਸ.ਪੀ. ਓਬਰਾਏ ਨੇ ਹੱਦਾਂ-ਸਰਹੱਦਾਂ ਤੋਂ ਉੱਪਰ ਉੱਠਦਿਆਂ ਇਸ ਕੇਸ ਦੀ ਪੈਰਵਈ ਸ਼ੁਰੂ ਕੀਤੀ ਸੀ। ਦੋ ਸਾਲ ਮੁਕੱਦਮਾ ਚੱਲਣ ਤੋਂ ਬਾਅਦ ਸ਼ਾਰਜਾਹ ਦੀ ਅਦਾਲਤ ਨੇ ਇਹਨਾਂ ਚਾਰ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਸੀ। ਕਤਲ ਹੋਏ ਨੌਜਵਾਨ ਦੇ ਮਾਪਿਆਂ ਨਾਲ ਲੰਬੇ ਸੰਪਰਕ ਤੋਂ ਬਾਅਦ ਡਾਕਟਰ ਐੱਸਪੀ ਸਿੰਘ ਉਬਰਾਏ ਉਹਨਾਂ ਨੂੰ ਬਲੱਡ ਮਨੀ ਲੈਣ ਲਈ ਸਹਿਮਤ ਕਰਨ ਵਿੱਚ ਕਾਮਯਾਬ ਹੋਏ ਹਨ।
ਰਿਹਾਈ ਦੀ ਪੂਰੀ ਸੰਭਾਵਨਾ: ਇਸ ਸਹਿਮਤੀ ਤੋਂ ਬਾਅਦ ਸ਼ਾਰਜਾਹ ਅਦਾਲਤ ਵਿੱਚ ਜੱਜਾਂ ਦੀ ਮੌਜੂਦਗੀ ਵਿੱਚ ਮ੍ਰਿਤਕ ਨੌਜਵਾਨ ਦੀ ਪਤਨੀ ਅਤੇ ਭਰਾ ਨੂੰ ਡਾਕਟਰ ਓਬਰਾਏ ਨੇ ਬਲੱਡ ਮਨੀ (blood money) ਦੇ ਤੌਰ ਉੱਤੇ 2 ਲੱਖ ਦਰਾਮ (ਕਰੀਬ 46 ਲੱਖ ਭਾਰਤੀ ਰੁਪਏ) ਮੌਕੇ ਉੱਤੇ ਪੀੜਤ ਪਰਿਵਾਰ ਨੂੰ ਸੌਂਪੇ ਅਤੇ ਇਸ ਰਕਮ ਨੂੰ ਜੱਜ ਦੇ ਹੁਕਮਾਂ ਮੁਤਾਬਕ 5 ਹਿੱਸਿਆਂ ਵਿੱਚ ਵੰਡ ਕੇ ਮ੍ਰਿਤਕ ਦੇ ਪਰਿਵਾਰ ਕੋਲੋਂ ਦੋਸ਼ੀ ਨੌਜਵਾਨਾਂ ਵਾਸਤੇ ਫਾਂਸੀ ਦੀ ਸਜ਼ਾ ਮੁਆਫੀ ਵਾਸਤੇ ਪ੍ਰਵਾਨਗੀ ਹਾਸਿਲ ਕੀਤੀ। ਇਸ ਮਾਮਲੇ ਸੰਬੰਧੀ ਡਾ: ਓਬਰਾਏ ਨੇ ਦੱਸਿਆ ਕਿ ਸ਼ਾਰਜਾਹ ਅਦਾਲਤ ਨੇ ਹੁਣ ਅੰਤਿਮ ਫੈਸਲਾ ਦੇਣ ਲਈ ਅਗਲੀ ਸੁਣਵਾਈ 22 ਜਨਵਰੀ 2024 ਨੀਯਤ ਕੀਤੀ ਹੈ ਅਤੇ ਉਸ ਦਿਨ ਇਹਨਾਂ ਨੌਜਵਾਨਾਂ ਦੀ ਰਿਹਾਈ ਦੀ ਵੀ ਪੂਰੀ ਸੰਭਾਵਨਾ ਹੈ।
- ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਸਹੂਲਤ ਲਈ ਸਿੱਖਿਆ ਮੰਤਰੀ ਬੈਂਸ ਨੇ ਕੀਤਾ ਇਹ ਐਲਾਨ
- ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਨਮਨ
- Rahul Gandhi visits Haryana's Jhajjar: ਪਹਿਲਵਾਨਾਂ ਦੇ ਅਖਾੜੇ 'ਚ ਪਹੁੰਚੇ ਰਾਹੁਲ ਗਾਂਧੀ, WFI ਵਿਵਾਦ ਦੇ ਵਿਚਕਾਰ ਝੱਜਰ 'ਚ ਕੀਤੀ ਮੁਲਾਕਾਤ
ਦੱਸਣਯੋਗ ਹੈ ਕਿ ਸ਼ਰੀਆ ਕਾਨੂੰਨ ਮੁਤਾਬਿਕ ਜੇਕਰ ਦੋਵਾਂ ਧਿਰਾਂ ਵਿਚਾਲੇ ਸਹਿਮਤੀ ਹੋਣ ਉਪਰੰਤ ਅਦਾਲਤ ਵਿੱਚ ਬਲੱਡ ਮਨੀ ਜਮਾਂ ਕਰਵਾਉਣ ਦੀ ਆਗਿਆ ਮਿਲ ਜਾਵੇ ਤਾਂ ਇਹ ਸਮਝਿਆ ਜਾ ਸਕਦਾ ਹੈ ਕਿ ਫਾਂਸੀ ਮਾਫ਼ ਹੋਣੀ ਤਹਿ ਹੈ। ਡਾਕਟਰ ਓਬਰਾਏ (Dr Oberoi) ਨੇ ਵਿਦੇਸ਼ੀ ਮੁਲਕਾਂ ਅਤੇ ਖਾਸ ਕਰਕੇ ਖਾੜੀ ਮੁਲਕਾਂ ਵਿੱਚ ਰੁਜ਼ਗਾਰ ਦੀ ਭਾਲ ਲਈ ਆਉਣ ਵਾਲੇ ਨੌਜਵਾਨਾਂ ਨੂੰ ਕਿਸੇ ਵੀ ਕਿਸਮ ਦੇ ਅਪਰਾਧ ਤੋਂ ਦੂਰ ਰਹਿਣ ਦੀ ਅਪੀਲ ਵੀ ਕੀਤੀ। ਸ਼ਾਰਜਾਹ ਅਦਾਲਤ (Sharjah Court) ਵਿੱਚ ਬਲੱਡ ਮਨੀ ਲੈ ਕੇ ਦੋਸ਼ੀ ਚਾਰੇ ਨੌਜਵਾਨਾਂ ਨੂੰ ਫਾਂਸੀ ਦੀ ਸਜ਼ਾ ਤੋਂ ਮੁਆਫ ਕਰਨ ਦੇ ਹੋਏ ਸਮਝੌਤੇ ਤੋਂ ਬਾਅਦ ਦੋਸ਼ੀ ਭਾਰਤੀ ਅਤੇ ਪਾਕਿਸਤਾਨੀ ਨੌਜਵਾਨਾਂ ਦੇ ਪਰਿਵਾਰਾਂ ਨੇ ਵੀ ਡਾ: ਐਸ ਪੀ ਸਿੰਘ ਉਬਰਾਏ ਦਾ ਧੰਨਵਾਦ ਕੀਤਾ ਅਤੇ ਉਹਨਾਂ ਨੂੰ ਸਿਆਸੀ ਹੱਦਬੰਦੀਆਂ ਤੋਂ ਉੱਤੇ ਉੱਠ ਕੇ ਬੱਚਿਆਂ ਦੀ ਜ਼ਿੰਦਗੀ ਬਚਾਉਣ ਵਾਲਾ ਫਰਿਸ਼ਤਾ ਦੱਸਿਆ। ਇੱਥੇ ਇਹ ਜ਼ਿਕਰਯੋਗ ਹੈ ਕਿ ਸਾਲ 2010 ਤੋਂ ਲੈ ਕੇ ਹੁਣ ਤੱਕ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾਕਟਰ ਓਬਰਾਏ ਦੇ ਯਤਨਾਂ ਕਾਰਨ 129 ਵਿਅਕਤੀਆਂ ਨੂੰ ਫਾਂਸੀ ਜਾਂ 45 ਸਾਲਾਂ ਤੱਕ ਦੀਆਂ ਲੰਮੀਆਂ ਸਜ਼ਾਵਾਂ ਤੋਂ ਮੁਕਤੀ ਮਿਲੀ ਹੈ।