ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਇਕ ਮਹਿਲਾ ਨੇ ਡੀਪੂ ਹੋਲਡਰ ਉੱਤੇ ਜਾਤੀਸੂਚਕ ਸ਼ਬਦ ਬੋਲਣ ਦਾ ਇਲਜ਼ਾਮ ਲਗਾਇਆ ਹੈ। ਮਹਿਲਾ ਦੀ ਸ਼ਿਕਾਇਤ ਉੱਤੇ ਵਾਲਮੀਕੀ ਸਮਾਜ ਵੱਲੋ ਥਾਣਾ-ਡੀ ਡਵੀਜ਼ਨ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਦੱਸਿਆ ਗਿਆ ਕਿ ਵਾਲਮੀਕੀ ਸਮਾਜ ਦੀ ਮਹਿਲਾ ਨਾਲ ਡੀਪੂ ਹੋਲਡਰ ਵੱਲੋਂ ਜਾਤੀਸੂਚਕ ਸ਼ਬਦ ਬੋਲੇ ਗਏ ਹਨ। ਇਸਨੂੰ ਲੈ ਕੇ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸੇ ਦੇ ਰੋਸ ਵਜੋਂ ਧਰਨਾ ਲਗਾਇਆ ਗਿਆ ਹੈ।
ਪੁਲਿਸ ਨੇ ਨਹੀਂ ਦਰਜ ਕੀਤੀ ਸ਼ਿਕਾਇਤ: ਇਸ ਮੌਕੇ ਗੱਲਬਾਤ ਕਰਦੇ ਹੋਏ ਵਾਲਮੀਕੀ ਸਮਾਜ ਦੇ ਆਗੂਆਂ ਨੇ ਕਿਹਾ ਕਿ ਇੱਕ ਸਾਡੀ ਵਾਲਮੀਕੀ ਭੈਣ ਦਾ ਨੀਲਾ ਕਾਰਡ ਕੱਟਿਆ ਗਿਆ, ਜਿਸਦੇ ਕਾਰਣ ਭੈਣ ਆਪਣੇ ਸੈਂਟਰਲ ਹਲਕੇ ਦੇ ਵਿਧਾਇਕ ਅਜੈ ਗੁਪਤਾ ਕੋਲ ਗਈ ਸੀ। ਵਿਧਾਇਕ ਨੇ ਉਸਨੂੰ ਡੀਪੂ ਹੋਲਡਰ ਕੋਲ ਭੇਜਿਆ ਗਿਆ ਪਰ ਜਦੋਂ ਉਹ ਡੀਪੂ ਹੋਲਡਰ ਕੋਲ਼ ਗਈ ਤਾਂ ਉਸ ਵਲੋਂ ਉਸ ਔਰਤ ਨਾਲ ਧੱਕਾਮੁੱਕੀ ਤੇ ਬਦਸਲੂਕੀ ਕੀਤੀ ਗਈ। ਉਸਨੇ ਜਾਤੀ ਸੂਚਕ ਸ਼ਬਦ ਵੀ ਬੋਲੇ ਹਨ। ਮਹਿਲਾ ਦਾ ਨਾਂ ਹਨੀ ਹੈ। ਉਹ ਪੁਲਿਸ ਥਾਣੇ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਆਈ ਤੇ ਪੁਲੀਸ ਵੱਲੋਂ ਉਸ ਦੀ ਸ਼ਿਕਾਇਤ ਦਰਜ ਨਹੀਂ ਕੀਤੀ ਗਈ।
ਇਨਸਾਫ ਦੀ ਕੀਤੀ ਮੰਗ: ਉਨ੍ਹਾਂ ਕਿਹਾ ਕਿ ਉਹ ਇਨਸਾਫ ਦੀ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਦਲਿਤ ਸਮਾਜ ਦੇ ਲਈ ਇਹ ਵਾਤਾਵਰਨ ਅਨੁਕੂਲ ਨਹੀਂ ਹੈ। ਜਿਸ ਕਾਰਨ ਵਾਲਮੀਕੀ ਭਾਈਚਾਰੇ ਨੇ ਥਾਣਾ ਡੀ ਡਵੀਜ਼ਨ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ ਹੈ ਅਤੇ ਇਨਸਾਫ ਦੀ ਗੁਹਾਰ ਲਾਈ ਹੈ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨ ਤੋਂ ਬਗੈਰ ਕਿਸੇ ਦੀ ਕੋਈ ਸੁਣਵਾਈ ਨਹੀਂ ਕਰ ਰਿਹਾ ਹੈ। ਜੇਕਰ ਪੁਲਿਸ ਪ੍ਰਸ਼ਾਸ਼ਨ ਡੀਪੂ ਹੋਲਡਰ ਖ਼ਿਲਾਫ ਬਣਦੀ ਕਾਰਵਾਈ ਨਹੀਂ ਕਰਦਾ ਤਾਂ ਤਿੱਖਾ ਪ੍ਰਦਰਸ਼ਨ ਕਰਾਂਗੇ। ਇਸ ਮੌਕੇ ਪੀੜਿਤ ਮਹਿਲਾ ਹਨੀ ਨੇ ਦੱਸਿਆ ਕਿ ਨਵਲ ਕਪੂਰ ਨੇ ਉਸਦੇ ਅਤੇ ਉਸਦੇ ਸਮਾਜ ਨੂੰ ਅਪਸ਼ਬਦ ਬੋਲੇ ਹਨ। ਗਾਲਾਂ ਵੀ ਕੱਢੀਆਂ ਹਨ। ਉਸ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨੂੰ ਵੀ ਇਸ ਬਾਰੇ ਸ਼ਿਕਾਇਤ ਦਰਜ ਕਰਵਾਈ ਪਰ ਪੁਲਿਸ ਪ੍ਰਸ਼ਾਸਨ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ।
ਪੁਲਿਸ ਨੇ ਕਹੀ ਕਾਰਵਾਈ ਕਰਨ ਦੀ ਗੱਲ : ਇਸ ਮੌਕੇ ਗੱਲਬਾਤ ਕਰਦੇ ਹੋਏ ਪੁਲਿਸ ਨੇ ਆਪਣਾ ਪੱਖ ਰੱਖਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਕੋਲ ਇਸ ਸੰਬੰਧੀ ਸ਼ਿਕਾਇਤ ਕੀਤੀ ਗਈ ਹੈ। ਉਸਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਜਿਹੜਾ ਵੀ ਮੁਲਜ਼ਮ ਪਾਇਆ ਗਿਆ, ਉਸਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ।