ਅੰਮ੍ਰਿਤਸਰ: ਸਰਹੱਦੀ ਖੇਤਰ ਦੀ ਅਨਾਜ ਮੰਡੀ ਅਜਨਾਲਾ 'ਚ ਕਣਕ ਦੀ ਸਰਕਾਰੀ ਖ਼ਰੀਦ ਨਾ ਹੋਣ ਅਤੇ ਬਾਰਦਾਨਾ ਨਾ ਮਿਲਣ ਦੇ ਰੋਸ ਵਜੋਂ ਆੜ੍ਹਤੀਆਂ ਵੱਲੋਂ ਮਾਰਕੀਟ ਕਮੇਟੀ ਦਫ਼ਤਰ ਸਾਹਮਣੇ ਕੇਂਦਰ ਤੇ ਪੰਜਾਬ ਸਰਕਾਰ ਅਤੇ ਖ਼ਰੀਦ ਏਜੰਸੀਆਂ ਵਿਰੁੱਧ ਜ਼ੋਰਦਾਰ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਆੜ੍ਹਤੀਆ ਨੇ ਕਿਹਾ ਕਿ ਦਾਣਾ ਮੰਡੀ ਅਜਨਾਲਾ ਚ ਖੁੱਲ੍ਹੇ ਅਸਮਾਨ ਹੇਠ ਕਣਕ ਦੇ ਅੰਬਾਰ ਲੱਗੇ ਪਏ ਹਨ, ਪਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮੰਡੀ 'ਚ ਕਣਕ ਦੀ ਸਰਕਾਰੀ ਖ਼ਰੀਦ ਨਾਮਾਤਾਰ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਪਹਿਲਾਂ ਥੋੜੀ ਕਣਕ ਸਰਕਾਰੀ ਏਜੰਸੀਆਂ ਵੱਲੋਂ ਖਰੀਦੀ ਵੀ ਗਈ ਹੈ, ਉਸ ਲਈ ਬਾਰਦਾਨਾ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਕਣਕ ਦਾ ਭਾਰੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਦਾ ਕਹਿਣਾ ਕਿ ਪਹਿਲਾਂ ਵੀ ਬੇਮੌਸਮੀ ਬਰਸਾਤ ਹੋਈ ਸੀ ਤੇ ਆਉਂਦੇ ਦਿਨਾਂ 'ਚ ਵੀ ਬਰਸਾਤ ਮੁੜ ਆਉਣ ਦੀ ਸੰਭਾਵਨਾ ਹੈ।
ਉਨ੍ਹਾਂ ਦੱਸਿਆ ਕਿ ਅਜਨਾਲਾ ਮੰਡੀ 'ਚ ਚਾਰ ਏਜੰਸੀਆਂ ਕਣਕ ਦੀ ਖ਼ਰੀਦ ਕਰ ਰਹੀਆਂ ਹਨ ਪਰ ਕਿਸੇ ਵੀ ਏਜੰਸੀ ਦੇ ਅਧਿਕਾਰੀ ਵੱਲੋਂ ਸਹੀ ਢੰਗ ਨਾਲ ਕਣਕ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਪਹਿਲਾਂ ਖਰੀਦੀ ਕਣਕ ਦਾ ਸਹੀ ਸਮੇਂ 'ਤੇ ਬਾਰਦਾਨਾ ਦਿੱਤਾ ਜਾ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸਰਕਾਰ ਵੱਲੋਂ ਤੁਰੰਤ ਸੂਬਾ ਏਜੰਸੀਆਂ ਦਾ ਖ਼ਰੀਦ ਕੋਟਾ ਨਾ ਵਧਾਇਆ ਗਿਆ ਤਾਂ ਵੀ ਵੱਡਾ ਨੁਕਸਾਨ ਹੋਵੇਗਾ। ਇਸ ਲਈ ਤੁਰੰਤ ਸੂਬਾ ਏਜੰਸੀਆਂ ਦਾ ਕੋਟਾ ਵਧਾਇਆ ਜਾਵੇ ਅਤੇ ਅਜਨਾਲਾ ਮੰਡੀ 'ਚ ਕਣਕ ਦੀ ਸਰਕਾਰੀ ਖ਼ਰੀਦ ਸੁਚਾਰੂ ਢੰਗ ਨਾਲ ਕਰਵਾਈ ਜਾਵੇ ਅਤੇ ਲੋੜ ਅਨੁਸਾਰ ਆੜ੍ਹਤੀਆਂ ਨੂੰ ਬਾਰਦਾਨਾ ਮੁਹੱਈਆ ਕਰਵਾਇਆ ਜਾਵੇ।
ਇਸ ਮੌਕੇ ਮਾਰਕੀਟ ਕਮੇਟੀ ਦੇ ਸੈਕਟਰੀ ਹਰਪ੍ਰੀਤ ਸਿੰਘ ਦਾ ਕਹਿਣਾ ਕਿ ਉਹ ਵੀ ਮੰਨਦੇ ਹਨ ਕਿ ਬਾਰਦਾਨੇ ਦੀ ਕਮੀ ਹੈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵਲੋਂ ਬਾਰਦਾਨੇ ਦੀ ਕਮੀ ਨੂੰ ਹੌਲੀ-ਹੌਲੀ ਦੂਰ ਕੀਤਾ ਜਾ ਰਿਹਾ ਹੈ ਤਾਂ ਜੋ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਮੁਸ਼ੀਕਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਇਹ ਵੀ ਪੜ੍ਹੋ:ਮਾਂ ਨੂੰ ਬਚਾਉਣ ਲਈ ਧੀਆਂ ਨੇ ਮੂੰਹ ਨਾਲ ਦਿੱਤੀ ਆਕਸੀਜ਼ਨ, ਵੀਡੀਓ ਵਾਇਰਲ