ਅੰਮ੍ਰਿਤਸਰ: ਵਾਰਿਸ ਪੰਜਾਬ ਦੀ ਸੰਸਥਾ ਦੇ ਸੰਸਥਾਪਕ ਮਰਹੂਮ ਦੀਪ ਸਿੱਧੂ ਦੇ ਜਨਮਦਿਨ 'ਤੇ ਉਨ੍ਹਾਂ ਦੀ ਮਹਿਲਾ ਮਿੱਤਰ ਰੀਨਾ ਰਾਏ ਹਰਿਮੰਦਰ ਸਾਹਿਬ ਨਤਮਸਤਕ ਹੋਈ। ਰੀਨਾ ਇਸ ਦੌਰਾਨ ਸਿੰਘਣੀ ਦੇ ਰੂਪ 'ਚ ਨਜ਼ਰ ਆਈ। ਰੀਨਾ ਰਾਏ ਸਫੇਦ ਸੂਟ ਵਿੱਚ ਹਰਿਮੰਦਰ ਸਾਹਿਬ ਪਹੁੰਚੀ ਹੈ। ਇਸ ਦੇ ਨਾਲ ਹੀ ਅੱਜ ਉਹ ਦੀਪ ਸਿੱਧੂ ਦੇ ਜਨਮ ਦਿਨ 'ਤੇ ਨੌਜਵਾਨਾਂ ਨੂੰ ਸਿੱਖਿਆ ਦਾ ਤੋਹਫਾ ਦੇਣ ਜਾ ਰਹੀ ਹੈ। ਇਸ ਮੌਕੇ ਰੀਨਾ ਰਾਏ ਨੇ ਨੌਜਵਾਨਾਂ ਨੂੰ ਕਿਹਾ ਕਿ ਉਹ ਤੇ ਸਾਰੇ ਮਿਲ ਕੇ ਸਿੱਧੂ ਦੀ ਸੋਚ ਨੂੰ ਅੱਗੇ ਲੈ ਕੇ ਜਾਵਾਂਗੇ। ਇਸ ਮੌਕੇ ਰੀਨਾ ਰਾਏ ਕਾਫੀ ਭਾਵੁਕ ਨਜ਼ਰ ਆਈ।
ਰੀਨਾ ਰਾਏ ਨੇ ਦੀਪ ਸਿੱਧੂ ਨੂੰ ਕੀਤਾ ਯਾਦ: ਰੀਨਾ ਰਾਏ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਸੀ ਕਿ ਉਹ ਦੀਪ ਸਿੱਧੂ ਦੇ ਜਨਮਦਿਨ 'ਤੇ ਹਰਿਮੰਦਰ ਸਾਹਿਬ ਮੱਥਾ ਟੇਕਣਗੇ। ਰੀਨਾ ਰਾਏ ਨੇ ਕਿਹਾ ਕਿ ਉਹ ਪਹਿਲਾਂ ਅੰਦਰ ਜਾ ਮੱਥਾ ਟੇਕਣਾ ਚਾਹੁੰਦੀ ਹੈ। ਇਸ ਤੋਂ ਬਾਅਦ ਉਹ ਮੀਡੀਆ ਨਾਲ ਮੁਲਾਕਾਤ ਕਰੇਗੀ। ਅੱਜ ਰੀਨਾ ਦੀਪ ਸਿੱਧੂ ਦੀ ਯਾਦ ਵਿੱਚ ਨੌਜਵਾਨਾਂ ਨੂੰ ਸਿੱਖਿਆ ਦਾ ਤੋਹਫ਼ਾ ਦੇਣ ਜਾ ਰਹੀ ਹੈ। ਰੀਨਾ ਦਾ ਕਹਿਣਾ ਹੈ ਕਿ ਸਿੱਖਿਆ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ ਜਿਸ ਨਾਲ ਤੁਸੀਂ ਦੁਨੀਆ ਨੂੰ ਬਦਲ ਸਕਦੇ ਹੋ। ਰੀਨਾ ਰਾਏ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਪੋਸਟ ਪਾ ਕੇ ਦੀਪ ਸਿੱਧੂ ਨੂੰ ਜਨਮਦਿਨ ਦੀ ਵਧਾਈ ਦਿੱਤੀ।
ਦੀਪ ਸਿੱਧੂ ਦੀ ਯਾਦ 'ਚ ਲਾਇਆ ਸੀ ਬੂਟਾ : ਅਦਾਕਾਰਾ ਰੀਨਾ ਰਾਏ ਨੇ ਪਿਛਲੇ ਮਹੀਨੇ 10 ਮਾਰਚ ਨੂੰ ਦੀਪ ਸਿੱਧੂ ਦੀ ਯਾਦ 'ਚ ਇੱਕ ਬੂਟਾ ਲਾਇਆ। ਉਸ ਨੇ ਇਹ ਬੂਟਾ ਉਸੇ ਥਾਂ ਉੱਤੇ ਲਗਾਇਆ ਸੀ, ਜਿੱਥੇ ਦੀਪ ਸਿੱਧੂ ਨਾਲ ਸੜਕ ਹਾਦਸਾ ਵਾਪਰਿਆ ਸੀ। ਇਸ ਹਾਦਸੇ 'ਚ ਉਹ ਤਾਂ ਵਾਲ-ਵਾਲ ਬਚ ਗਈ ਸੀ, ਪਰ ਦੀਪ ਸਿੱਧੂ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ ਸੀ।
ਸਿਮਰਨਜੀਤ ਮਾਨ ਨੇ ਯੂਐਨ ਤੋਂ ਜਾਂਚ ਕਰਵਾਉਂ ਦੀ ਕਹੀ ਸੀ ਗੱਲ: ਇਸ ਤੋਂ ਪਹਿਲਾਂ, 15 ਫ਼ਰਵਰੀ ਨੂੰ ਦੀਪ ਸਿੱਧੂ ਦੀ ਬਰਸੀ ਮੌਕੇ ਗੁਰੂਦੁਆਰਾ ਮਸਤੂਆਣਾ ਸਾਹਿਬ ਵਿਖੇ ਪਹੁੰਚੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸੀ ਕਿ ਉਹ ਦੀਪ ਸਿੱਧੂ ਦੀ ਮੌਤ ਦੀ ਜਾਂਚ ਉੱਚ ਪੱਧਰੀ ਤਰੀਕੇ ਨਾਲ ਕਰਨਗੇ ਤੇ ਇਹ ਜਾਂਚ ਯੂਐਨ ਨੂੰ ਸੌਂਪੀ ਜਾਵੇਗੀ। ਸਿਮਰਨਜੀਤ ਮਾਨ ਨੇ ਕਿਹਾ ਸੀ ਕਿ ਬੀਬੀਸੀ ਵਰਗੇ ਮੀਡੀਆ ਅਦਾਰੇ ਉੱਤੇ ਛਾਪੇ ਮਾਰ ਕੇ ਮੀਡੀਆ ਦੀ ਆਜ਼ਾਦੀ ਖ਼ਤਮ ਕਰਨ ਦੀ ਕੇਂਦਰ ਸਰਕਾਰ ਵਲੋਂ ਕੋਸ਼ਿਸ਼ ਕੀਤੀ ਗਈ ਹੈ।
ਉੱਥੇ ਹੀ, ਦੀਪ ਸਿੰਘ ਸਿੱਧੂ ਦੇ ਭਰਾ ਮਨਦੀਪ ਸਿੰਘ ਸਿੱਧੂ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਵੀ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਦੀਪ ਸਿੱਧੂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ 'ਚ ਲਗਾਉਣ ਦੀ ਅਪੀਲ ਕੀਤੀ ਸੀ। ਇਸ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਉਹ ਇਸ ਸਬੰਧੀ ਵਿਚਾਰ ਵਟਾਂਦਰਾ ਕਰਨਗੇ।
ਦੱਸਣਯੋਗ ਹੈ ਕਿ 15 ਫ਼ਰਵਰੀ, 2022 ਨੂੰ ਦੀਪ ਸਿੱਧੂ ਆਪਣੀ ਮਹਿਲਾ ਦੋਸਤ ਨਾਲ ਦਿੱਲੀ ਤੋਂ ਪੰਜਾਬ ਪਰਤ ਰਿਹਾ ਸੀ। ਦਿੱਲੀ ਤੋਂ ਪੰਜਾਬ ਆਉਂਦੇ ਸਮੇਂ ਕੁੰਡਲੀ ਮਾਨੇਸਰ (ਕੇਐੱਮਪੀ) ਹਾਈਵੇ ’ਤੇ ਵਾਪਰੇ ਸੜਕ ਹਾਦਸੇ ’ਚ ਦੀਪ ਸਿੱਧੂ ਦੀ ਮੌਤ ਹੋਈ ਸੀ। ਹਾਲਾਤ ਜ਼ਿਆਦਾ ਖ਼ਰਾਬ ਹੁੰਦੇ ਵੇਖ ਰੀਨਾ ਰਾਏ ਵਿਦੇਸ਼ ਚਲੀ ਗਈ ਸੀ ਜਿਸ ਤੋਂ ਬਾਅਦ ਹੁਣ ਕਾਫੀ ਸਮੇਂ ਬਾਅਦ ਭਾਰਤ ਆਈ ਹੋਈ ਹੈ ਤੇ ਵੱਖ-ਵੱਖ ਟੀਵੀ ਚੈਨਲਾਂ ਉਪਰ ਉਸ ਦੀ ਇੰਟਰਵਿਊ ਵੀ ਚਲਾਈ ਗਈ ਸੀ।
ਇਹ ਵੀ ਪੜ੍ਹੋ: Deep Sidhu Birthday: ਜਾਣੋ, ਦੀਪ ਸਿੱਧੂ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਗੱਲਾਂ