ਅੰਮ੍ਰਿਤਸਰ: ਬਿਆਸ ਨੇੜੇ ਸਥਿਤ ਇੱਕ ਕਥਿਤ ਧਾਰਮਿਕ ਡੇਰੇ ਦੇ ਬਾਹਰਵਾਰ ਪੈਂਦੀ ਸੰਪਰਕ ਸੜਕ ’ਤੇ ਵੱਡੀ ਗਿਣਤੀ ਵਿੱਚ ਅਚਾਨਕ ਭਾਰੀ ਪੁਲਿਸ ਫੋਰਸ ਤੈਨਾਤ ਹੋਣ ਨਾਲ ਮਾਹੌਲ ਤਣਾਅਪੂਰਨ ਹੋ ਗਿਆ ਜਿਸ ਤੋਂ ਬਾਅਦ ਨੇੜਲੇ ਪਿੰਡਾਂ ਦੇ ਲੋਕਾਂ ਵੱਲੋਂ ਜਦ ਮੌਕੇ ’ਤੇ ਪਹੁੰਚ ਕੇ ਗੱਲਬਾਤ ਕਰ ਮਾਮਲਾ ਜਾਨਣਾ ਚਾਹਿਆ ਤਾਂ ਪਤਾ ਲੱਗਿਆ ਕਿ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਅਸਲਾ ਭੰਡਾਰ ਦੇ ਸਾਹਮਣੇ ਬਣੀ ਇੱਕ ਕਥਿਤ ਧਾਰਮਿਕ ਡੇਰੇ ਦੀ ਬਾਹਰੀ ਕੰਧ ’ਤੇ ਅਸਲਾ ਭੰਡਾਰ ਦੇ 1000 ਗਜ ਦੇ ਖੇਤਰ ਵਿੱਚ ਪੈਂਦੀਆਂ ਉਸਾਰੀਆਂ ਦੀ ਨਿਸ਼ਾਨਦੇਹੀ ਕਰਨ ਲਈ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਪੁੱਜ ਰਹੇ ਹਨ। ਇਸ ਨੂੰ ਲੈਕੇ ਭਾਰੀ ਗਿਣਤੀ ਵਿੱਚ ਲੋਕ ਉਥੇ ਪੁੱਜੇ ਅਤੇ ਘਰਾਂ ਨੂੰ ਢਹਿਣ ਦਾ ਖਦਸ਼ਾ ਪ੍ਰਗਟਾਉਂਦਿਆਂ ਇਸ ਦਾ ਵਿਰੋਧ ਕੀਤਾ।
ਮਾਮਲੇ ਸਬੰਧੀ ਸਥਿਤੀ ਸਪੱਸ਼ਟ ਕਰਦਿਆਂ ਡੀਸੀ ਅੰਮ੍ਰਿਤਸਰ ਹਰਪ੍ਰੀਤ ਸਿੰਘ ਸੂਦਨ ਨੇ ਗੱਲਬਾਤ ਦੌਰਾਨ ਕਿਹਾ ਕਿ ਉਹ ਮਾਣਯੋਗ ਹਾਈਕੋਰਟ ਦੇ ਜੋ ਹੁਕਮ ਹੋਏ ਸਨ, ਉਸ ਦੇ ਤਹਿਤ ਬਿਆਸ ਪੁੱਜੇ ਹਨ। ਲੋਕਾਂ ਵਿੱਚ ਘਰਾਂ ਨੂੰ ਢਹਿਣ ਦੇ ਖਦਸ਼ੇ ਅਤੇ ਧਾਰਮਿਕ ਡੇਰੇ ਦੀ ਕੰਧ ਸਬੰਧੀ ਉਨ੍ਹਾਂ ਮਾਮਲੇ ਬਾਰੇ ਸਪੱਸ਼ਟ ਕਰਦਿਆਂ ਕਿਹਾ ਕਿ ਮਾਣਯੋਗ ਅਦਾਲਤ ਦੇ ਹੁਕਮਾਂ ਅਨੁਸਾਰ ਪਹਿਲਾਂ ਕਦਮ ਅਸਲਾ ਭੰਡਾਰ ਦੇ ਨੇੜੇ 1000 ਗਜ ਦੇ ਘੇਰੇ ਦੀ ਨਿਸ਼ਾਨਦੇਹੀ ਕਰਨਾ ਹੈ, ਜਿਸ ਤੋਂ ਬਾਅਦ ਦੇਖਣਾ ਹੈ ਕਿ ਇਸ ਘੇਰੇ ਵਿੱਚ ਕੌਣ-ਕੌਣ ਬੈਠਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਉਸ ਸਾਰੇ ਤੋਂ ਬਾਅਦ ਜਿੱਥੇ ਤੱਕ ਘਰਾਂ ਜਾਂ ਪੁਰਾਣੇ ਰਹਿ ਰਹੇ ਲੋਕਾਂ ਦਾ ਮਸਲਾ ਹੈ ਉਸ ਸਾਰੇ ਬਾਰੇ ਉਨ੍ਹਾਂ ਵਲੋਂ ਮਾਣਯੋਗ ਹਾਈਕੋਰਟ ਵਿੱਚ ਰਿਪੋਰਟ ਪੇਸ਼ ਕੀਤੀ ਜਾਣੀ ਹੈ ਜਿਸ ਤੋਂ ਬਾਅਦ ਹਾਈਕੋਰਟ ਵਲੋਂ ਰਿਪੋਰਟ ਦੇ ਸਮੂਹ ਪੱਖਾਂ ਅਨੁਸਾਰ ਜਿਸ ਚ ਆਮ ਲੋਕ, ਸਰਪੰਚ, ਪੰਚ ਆਦਿ ਜੋ ਵੀ ਉਨ੍ਹਾਂ ਨੂੰ ਮਿਲੇ ਹਨ ਦਾ ਪੱਖ ਜਾਂਚਣਾ ਹੈ। ਉਨ੍ਹਾਂ ਕਿਹਾ ਕਿ ਬਤੌਰ ਜਿਲੇ ਦੇ ਡਿਪਟੀ ਕਮਿਸ਼ਨਰ ਉਨਾਂ ਦੀ ਡਿਊਟੀ ਹੈ ਕਿ ਸਭ ਜਨਤਾ ਦਾ ਪੱਖ ਮਾਣਯੋਗ ਹਾਈਕੋਰਟ ਸਾਹਮਣੇ ਰੱਖਣ ਜੋ ਉਹ ਰੱਖਣਗੇ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਕਿਸੇ ਦਾ ਕੁਝ ਵੀ ਢਾਹੁਣ ਨਹੀਂ ਆਏ ਹਨ। ਇਸ ਤੋਂ ਇਲਾਵਾ ਜਿੱਥੋਂ ਤੱਕ ਧਾਰਮਿਕ ਡੇਰੇ ਦੀ ਕੰਧ ਦੀ ਗੱਲ ਹੈ ਤਾਂ ਡੇਰੇ ਵਲੋਂ ਆਪਣੇ ਪੱਧਰ ’ਤੇ ਸਮਰੱਥ ਹੁੰਦਿਆਂ ਉਨ੍ਹਾਂ ਦੇ ਵਕੀਲ ਵਲੋਂ ਮਾਣਯੋਗ ਹਾਈਕੋਰਟ ਸਾਹਮਣੇ ਆਪਣਾ ਪੱਖ ਰੱਖਿਆ ਗਿਆ ਹੈ ਅਤੇ ਅੱਜ ਵੀ ਡੇਰੇ ਦੇ ਨੁਮਾਇੰਦੇ ਵਲੋਂ ਉਨ੍ਹਾਂ ਨਾਲ ਆਪਣੇ ਤਰਕ ਸਾਂਝੇ ਕੀਤੇ ਗਏ ਹਨ।
ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਆਮ ਲੋਕਾਂ ਦੀ ਗੱਲ ਹੈ ਤਾਂ ਉਨ੍ਹਾਂ ਨੂੰ ਵਿਸ਼ਾਵਾਸ ਦਿਵਾਉਣਾ ਚਾਹੁੰਦਾ ਹਾਂ ਕਿ ਅੱਜ ਦੀ ਤਰੀਕ ਵਿੱਚ ਉਨ੍ਹਾਂ ਦੇ ਘਰ ਢਹਿਣ ਦੀ ਗੱਲ ਨਹੀਂ ਹੈ, ਉਸ ਵਿੱਚ ਜਦ ਤੱਕ ਤੁਹਾਡਾ ਸਰਵੇ ਨਹੀਂ ਹੁੰਦਾ ਅਤੇ ਹਾਈਕੋਰਟ ਪਾਰਟੀ ਬਣਾ ਕੇ ਤੁਹਾਨੂੰ ਸੁਣਦੀ ਨਹੀਂ ਉਦੋਂ ਤੱਕ ਕੋਈ ਵੀ ਫੈਸਲਾ ਨਹੀਂ ਹੋਣਾ ਹੈ। ਉਨ੍ਹਾਂ ਕਿਹਾ ਕਿ ਮਾਮਲਾ ਮਾਣਯੋਗ ਅਦਾਲਤ ਵਿੱਚ ਹੈ ਅਤੇ ਅੱਜ ਦੀ ਕਾਰਵਾਈ ਲਈ ਉਹ ਹੋਰ ਕੋਈ ਕੁਮੈਂਟ ਨਹੀਂ ਕਰ ਸਕਦੇ ਹਨ।
ਇਹ ਵੀ ਪੜ੍ਹੋ: ਨੌਜਵਾਨ ਨੇ ਨਸ਼ੇ ਦੀ ਪੂਰਤੀ ਲਈ ਪੱਗ ਕੁੱਤਾ ਕੀਤਾ ਚੋਰੀ, ਵੇਖੋ 5 ਮਹੀਨਿਆਂ ਬਾਅਦ ਕਿਵੇਂ ਮਿਲਿਆ ?