ਅੰਮ੍ਰਿਤਸਰ: ਮਾਮਲਾ ਹੈ, ਅੰਮ੍ਰਿਤਸਰ ਵਿਖੇ ਰਹਿਣ ਵਾਲੇ ਇੰਡੀਅਨ ਏਅਰਫੋਰਸ ਵਿੱਚੋ ਬਤੋਰ ਵਰੰਟ ਅਫ਼ਸਰ ਰਿਟਾਇਰ ਹੋਏ ਰਮੇਸ਼ ਚੰਦਰ ਭਾਟੀਆ ਦੀ ਬੇਟੀ ਦੀ ਮੌਤ ਦਾ। ਉਨ੍ਹਾਂ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਉਨ੍ਹਾਂ ਨੇ ਆਪਣੀ ਬੇਟੀ ਦਾ ਵਿਆਹ 13- 09-1997 ਵਿਚ ਅੰਬਾਲਾ ਦੇ ਰਹਿਣ ਵਾਲੇ ਵਿਜੈ ਭਾਟੀਆ ਨਾਲ ਕੀਤਾ ਸੀ ਜਿਸ ਨੂੰ ਵਿਆਹ ਤੋਂ ਕੁੱਝ ਸਮਾਂ ਬਾਅਦ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।
ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਉਸ ਵੇਲ੍ਹੇ ਬੇਟੀ ਦੇ ਵਿਆਹ ਸਮੇਂ ਆਪਣੀ ਹੈਸੀਅਤ ਦੇ ਹਿਸਾਬ ਨਾਲ ਦਾਜ ਵੀ ਦਿੱਤਾ ਸੀ, ਪਰ ਬੇਟੀ ਨੀਤੂ ਦਾ ਪਤੀ ਵਿਜੈ ਤੇ ਉਸ ਦੇ ਮਾਂ-ਪਿਓ ਬੇਟੀ ਨੂੰ ਘੱਟ ਦਾਜ ਲੈ ਕੇ ਆਉਣ ਦੇ ਤਾਨੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਹੋਰ ਦਾਜ ਦੀ ਮੰਗ ਕਰਨ ਲੱਗ ਪਏ। ਉਸ ਨੂੰ ਦਿਮਾਗੀ ਤੇ ਜਿਸਮਾਨੀ ਤੌਰ 'ਤੇ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ।
ਉਨ੍ਹਾਂ ਦੱਸਿਆ ਕਿ ਬੇਟੀ ਨਾਲ ਗ਼ਲਤ ਵਿਹਾਰ ਹੁੰਦਾ ਵੇਖ, ਉਨ੍ਹਾਂ ਨੇ ਸਹੁਰੇ ਪਰਿਵਾਰ ਦੀਆਂ ਮੰਗਾਂ ਪੂਰੀਆਂ ਕਰਨ ਲੱਗ ਗਏ, ਤਾਂ ਜੋ ਬੇਟੀ ਖੁਸ਼ ਰਹੇ। ਵਿਆਹ ਤੋਂ 3-4 ਸਾਲ ਬਾਅਦ ਬੇਟੀ ਤੇ ਉਸ ਦਾ ਸਹੁਰਾ ਪਰਿਵਾਰ ਫਰਾਂਸ ਚਲੇ ਗਏ, ਪਰ ਬਾਹਰ ਵਿਦੇਸ਼ ਵਿੱਚ ਜਾਣ ਤੋਂ ਬਾਅਦ ਵੀ ਬੇਟੀ ਨੀਤੂ ਨੂੰ ਤੰਗ ਪ੍ਰੇਸ਼ਾਨ ਕਰਦੇ ਰਹੇ। ਪਿਤਾ ਨੇ ਦੱਸਿਆ ਕਿ ਜਦੋਂ ਵੀ ਬੇਟੀ ਨੀਤੂ ਭਾਰਤ ਉਨ੍ਹਾਂ ਨੂੰ ਮਿਲਣ ਆਉਂਦੀ ਤਾਂ, ਉਹ ਆਪਣੇ ਸਹੁਰੇ ਪਰਿਵਾਰ ਦੀਆਂ ਨਾਜਾਇਜ਼ ਮੰਗਾਂ ਬਾਰੇ ਦੱਸਦੀ ਅਤੇ ਉਹ ਫਿਰ ਆਪਣੀ ਬੇਟੀ ਨੂੰ ਸੋਨੇ ਦੇ ਗਹਿਣੇ ਤੇ ਹੋਰ ਵੀ ਨਕਦ ਪੈਸੇ ਦਿੰਦੇ ਰਹੇ, ਪਰ ਸਹੁਰੇ ਪਰਿਵਾਰ ਦਾ ਲਾਲਚ ਨਹੀਂ ਘਟਿਆ।
ਪਿਤਾ ਨੇ ਕਿਹਾ ਕਿ ਇਕ ਦਿਨ ਬੇਟੀ ਦਾ ਉਨ੍ਹਾਂ ਨੂੰ ਫੋਨ ਆਇਆ ਤੇ ਉਸ ਨੇ ਕਿਹਾ ਕਿ ਉਸ ਦੇ ਸਹੁਰੇ ਉਸ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਹਨ ਤੇ ਪਤੀ ਆਪਣੇ ਮਾਂ ਪਿਓ ਦੇ ਕਹਿਣ ਉੱਤੇ ਸ਼ਰਾਬ ਪੀ ਕੇ ਉਸ ਨਾਲ ਕੁੱਟਮਾਰ ਵੀ ਕਰਦਾ ਹੈ ਤੇ ਉਸ ਦੇ ਉਥੇ ਔਰਤਾਂ ਨਾਲ ਨਾਜ਼ਾਇਜ ਸਬੰਧ ਵੀ ਹਨ। ਇਸ ਤੋਂ ਬਾਅਦ 06-03-2019 ਨੂੰ ਉਨ੍ਹਾਂ ਦੇ ਜਵਾਈ ਵਿਜੈ ਦਾ ਫੋਨ ਆਇਆ ਕਿ ਨੀਤੂ ਕੈਂਸਰ ਦੀ ਬਿਮਾਰੀ ਨਾਲ ਮਰ ਗਈ ਹੈ।
ਇਹ ਵੀ ਪੜ੍ਹੋ: ਹਰਿਆਣਾ ਵਿਧਾਨ ਸਭਾ ਚੋਣਾਂ 2019: ਪ੍ਰਧਾਨ ਮੰਤਰੀ ਮੋਦੀ ਕਰਨਗੇ 4 ਰੈਲੀਆਂ
ਪਿਤਾ ਨੇ ਬੇਟੀ ਲਈ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਉਸ ਦੀ ਬੇਟੀ ਦਾ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਸਹੁਰਿਆਂ ਤੋੰ ਬੇਟੀ ਦੀ ਲਾਸ਼ ਮੰਗੀਂ ਤਾਂ, ਉਨ੍ਹਾਂ ਕਿਹਾ ਕਿ ਉਸ ਦਾ ਸਸਕਾਰ ਕਰ ਦਿੱਤਾ ਗਿਆ ਹੈ। ਬੇਵਸ ਪਿਤਾ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਮਾਨਯੋਗ ਚੀਫ਼ ਜਸਟਿਸ ਤੇ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ, ਚੰਡੀਗੜ੍ਹ ਕੋਲ ਮੰਗ ਕੀਤੀ ਕਿ ਉਸ ਦੀ ਮ੍ਰਿਤਕ ਬੇਟੀ ਅਤੇ ਉਨ੍ਹਾਂ ਨੂੰ ਇਨਸਾਫ਼ ਦਿਲਾਇਆ ਜਾਵੇ ਅਤੇ ਮੁਲਜ਼ਮਾਂ ਉੱਤੇ ਸਖ਼ਤ ਕਾਰਵਾਈ ਕਰ, ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇ।