ਅੱਜ ਦਾ ਮੁੱਖਵਾਕ
ਬਿਲਾਵਲੁ ਮਹਲਾ ੪ ਅਸਟਪਦੀਆ ਘਰੁ ੧੧
ੴ ਸਤਿਗੁਰ ਪ੍ਰਸਾਦਿ
ਵਿਆਖਿਆ: ਹੇ ਭਾਈ, ਜਿਹੜਾ ਮਨੁੱਖ ਹਰ ਸਮੇਂ ਹਰਿ ਨਾਮ ਰਸ ਦੇ ਗੀਤ ਗਾਉਂਦਾ ਹੈ, ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈ ਕੇ ਹਰਿ ਨਾਮ ਵਿੱਚ ਰੁਝਿਆ ਰਹਿੰਦਾ ਹੈ। ਉਹ ਮਨੁੱਖ ਪ੍ਰਮਾਤਮਾ ਦੇ ਆਪੇ ਵਿੱਚ ਆਪਣਾ ਆਪ ਸਮਰਪਿਤ ਕਰ ਕੇ ਆਪਣੇ ਅੰਦਰੋਂ ਹਉਮੈ/ਹੰਕਾਰ ਮਿਟਾ ਲੈਂਦਾ ਹੈ। ਵਿਕਾਰਾਂ ਤੋਂ ਬਚੇ ਰਹਿਣ ਕਰਕੇ ਉਸ ਦਾ ਸਰੀਰ ਸੋਨੇ ਵਰਗਾ ਸ਼ੁੱਧ ਹੋ ਜਾਂਦਾ ਹੈ। ਉਸ ਦੀ ਜਿੰਦ ਨਿਰਭਉ ਪ੍ਰਭੂ ਦੀ ਜੋਤਿ ਵਿੱਚ ਲੀਨ ਰਹਿੰਦੀ ਹੈ।੧। ਹੇ ਭਾਈ, ਸੋਹਣੇ ਰਾਮ ਦਾ ਹਰਿ ਨਾਮ ਮੇਰੇ ਲਈ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ, ਹੁਣ ਮੈਂ ਉਸ ਦੇ ਨਾਮ ਤੋਂ ਬਿਨਾਂ ਇਕ ਪਲ ਵੀ ਨਹੀਂ ਰਹਿ ਸਕਦਾ। ਗੁਰੂ ਦੀ ਸ਼ਰਨ ਪੈ ਕੇ ਮੈਂ ਤਾਂ ਹਰਿ-ਨਾਮ ਦਾ ਪਾਠ ਹੀ ਪੜ੍ਹਦਾ ਰਹਿੰਦਾ ਹਾਂ।੧।ਰਹਾਉ
ਹੇ ਭਾਈ, ਮਨੁੱਖ ਦਾ ਇਹ ਸਰੀਰ ਇਕ ਅਜਿਹਾ ਘਰ ਹੈ ਜਿਸ ਦੇ ਦਸ ਦਰਵਾਜ਼ੇ ਹਨ, ਇਨ੍ਹਾਂ ਦਰਵਾਜ਼ਿਆਂ ਰਾਹੀਂ ਦਿਨ ਰਾਤ ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਪੰਜ ਜ਼ੋਰ ਸੰਨ੍ਹ ਲਾਈ ਰੱਖਦੇ ਹਨ। ਇਸ ਦੇ ਅੰਦਰੋਂ ਆਤਮਿਕ ਜੀਵਨ ਵਾਲਾ ਸਾਰਾ ਧਨ ਚੁਰਾ ਲੈ ਜਾਂਦੇ ਹਨ। ਆਤਮਿਕ ਜੀਵਨ ਵਲੋਂ ਅੰਨ੍ਹੇ ਹੋ ਚੁੱਕੇ ਮਨ ਦੇ ਮੁਰੀਦ ਮਨੁੱਖ ਨੂੰ ਆਪਣੇ ਲੁੱਟੇ ਜਾਣ ਦਾ ਪਤਾ ਹੀ ਨਹੀਂ ਲੱਗਦਾ।੨। ਹੇ ਭਾਈ, ਇਹ ਮਨੁੱਖੀ ਸਰੀਰ, ਮੰਨੋ ਸੋਨੇ ਦਾ ਕਿਲ੍ਹਾ ਹੈ, ਉੱਚੇ ਆਤਮਿਕ ਗੁਣਾਂ ਦੇ ਮੋਤੀਆਂ ਨਾਲ ਭਰਿਆ ਹੋਇਆ ਹੈ। ਇਨ੍ਹਾਂ ਹੀਰਿਆਂ ਨੂੰ ਚੁਰਾਉਣ ਲਈ, ਲੁੱਟਣ ਲਈ ਕਾਮਾਦਿਕ ਚੋਰ ਡਾਕੂ ਆ ਕੇ ਇਸ ਵਿੱਚ ਲੁਕੇ ਰਹਿੰਦੇ ਹਨ, ਜਿਹੜੇ ਮਨੁੱਖ ਆਤਮਿਕ ਜੀਵਨ ਦੇ ਸੋਮੇ ਪ੍ਰਭੂ ਵਿੱਚ ਸੁਰਤਿ ਜੋੜ ਕੇ ਸੁਚੇਤ ਰਹਿੰਦੇ ਹਨ। ਉਹ ਮਨੁੱਖ ਗੁਰੂ ਦੇ ਸ਼ਬਦ ਰਾਹੀਂ ਇਨ੍ਹਾਂ ਚੋਰਾਂ ਨੂੰ) ਫੜ ਕੇ ਬੰਨ੍ਹ ਲੈਂਦੇ ਹਨ।੩।
ਹੇ ਭਾਈ, ਪ੍ਰਮਾਤਮਾ ਦਾ ਨਾਮ ਜਹਾਜ਼ ਹੈ, ਉਸ ਜਹਾਜ਼ ਦਾ ਮਲਾਹ ਗੁਰੂ ਦਾ ਸ਼ਬਦ ਹੈ। ਜਿਹੜਾ ਮਨੁੱਖ ਇਸ ਜਹਾਜ਼ ਦਾ ਆਸਰਾ ਲੈਂਦਾ ਹੈ, ਉਸ ਦਾ ਗੁਰੂ ਵਿਕਾਰਾਂ ਰਹੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ। ਜਮਰਾਜ-ਮਸੂਲੀਆ ਵੀ ਉਸ ਦੇ ਨੇੜ੍ਹੇ ਨਹੀਂ ਆਉਂਦਾ, ਕਾਮਾਦਿਕ ਵਰਗੇ ਚੋਰ ਵੀ ਸੰਨ੍ਹ ਨਹੀਂ ਲਾ ਸਕਦੇ।੪। ਹੇ ਭਾਈ, ਮੇਰਾ ਮਨ ਹੁਣ ਸਦਾ ਦਿਨ ਰਾਤ ਪ੍ਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ। ਮੈਂ ਪ੍ਰਭੂ ਦੀ ਸਿਫ਼ਤਿ ਸਾਲਾਹਿ ਕਰਦੇ ਹੋਏ ਸਿਫ਼ਤਿ ਦਾ ਅੰਤ ਨਹੀਂ ਲੱਭ ਸਕਦਾ। ਗੁਰੂ ਦੀ ਸ਼ਰਨ ਪੈ ਕੇ ਮੇਰਾ ਇਹ ਮਨ ਪ੍ਰਭੂ-ਚਰਨਾਂ ਵਿੱਚ ਹੀ ਟਿਕਿਆ ਰਹਿੰਦਾ ਹੈ। ਮੈਂ ਲੋਕ ਲਾਜ ਦੂਰ ਕਰ ਕੇ ਜਗਤ ਦੇ ਪਾਲਣਹਾਰ ਪ੍ਰਭੂ ਨੂੰ ਮਿਲਿਆ ਰਹਿੰਦਾ ਹਾਂ।੫।
ਹੇ ਭਾਈ, ਅੱਖਾਂ ਨਾਲ ਹਰ ਥਾਂ ਪ੍ਰਭੂ ਦਾ ਦਰਸ਼ਨ ਕਰ ਕੇ ਮੇਰਾ ਮਨ ਹੋਰ ਵਾਸਨਾਂ ਵਲੋਂ ਰੱਜਿਆ ਰਹਿੰਦਾ ਹੈ। ਮੇਰਾ ਧੰਨ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨੂੰ ਹੀ ਸੁਣਦੇ ਰਹਿੰਦੇ ਹਨ। ਪ੍ਰਭੂ ਦੀ ਸਿਫ਼ਤਿ-ਸਾਲਾਹਿ ਸੁਣ ਕੇ ਮੇਰੀ ਜਿੰਦ ਨਾਮ ਰਸ ਵਿੱਚ ਭਿੱਜੀ ਰਹਿੰਦੀ ਹੈ। ਮੈਂ ਬੜੇ ਆਨੰਦ ਨਾਲ ਰਾਮ ਗੋਪਾਲ ਦੇ ਗੁਣ ਗਾਉਂਦਾ ਰਹਿੰਦਾ ਹਾਂ।੬। ਹੇ ਭਾਈ, ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲੇ ਜੀਵ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਉਹ ਚੌਥਾ ਸਥਾਨ ਪ੍ਰਾਪਤ ਕਰ ਲੈਂਦਾ ਹੈ, ਜਿੱਥੇ ਮਾਇਆ ਦਾ ਪ੍ਰਭਾਵ ਨਹੀਂ ਪੈ ਸਕਦਾ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਕ ਪਿਆਰ ਦੀ ਨਿਗ੍ਹਾ ਨਾਲ ਸਾਰੀ ਦੁਨੀਆ ਨੂੰ ਇਕ ਜਿਹੀ ਜਾਣਦਾ ਹੈ। ਉਸ ਨੂੰ ਇਹ ਪ੍ਰਤੱਖ ਦਿਖਾਈ ਪੈਂਦਾ ਹੈ ਕਿ ਹਰ ਥਾਂ ਪ੍ਰਮਾਤਮਾ ਹੀ ਪਸਰਿਆ ਹੋਇਆ ਹੈ।੭।
ਹੇ ਭਾਈ, ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਇਹ ਸਮਝ ਲੈਂਦਾ ਹੈ ਕਿ ਅਲੱਖ ਪ੍ਰਭੂ ਆਪ ਹੀ ਆਪ ਹਰ ਥਾਂ ਮੌਜੂਦ ਹੈ। ਹਰ ਥਾਂ ਪ੍ਰਮਾਤਮਾ ਦਾ ਹੀ ਨਾਮ ਹੈ, ਸਾਰੀ ਲੁਕਾਈ ਵਿੱਚ ਪ੍ਰਮਾਤਮਾ ਦੀ ਹੀ ਜੋਤਿ ਹੈ। ਹੇ ਨਾਨਕ, ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ, ਜਿਨ੍ਹਾਂ ਉੱਤੇ ਦਇਆਵਾਨ ਹੁੰਦੇ ਹਨ, ਉਹ ਮਨੁੱਖ ਭਗਤੀ ਭਾਵਨਾ ਦੇ ਰਾਹੀਂ ਪ੍ਰਮਾਤਮਾ ਦੇ ਨਾਮ ਵਿੱਚ ਰੁੱਝੇ ਰਹਿੰਦੇ ਹਨ।