ਅੰਮ੍ਰਿਤਸਰ: ਕੋਰੋਨਾ ਕਰਕੇ ਭਾਰਤ ਵਿੱਚ 22 ਮਾਰਚ ਤੋਂ ਲੈ ਕੇ ਤਾਲਾਬੰਦੀ ਹੋ ਗਈ ਸੀ। ਪੰਜਾਬ ਵਿੱਚ ਵੀ 20 ਮਾਰਚ ਤੋਂ ਕਰਫ਼ਿਊ ਲਾਗੂ ਹੈ। ਇਸ ਤਾਲਾਬੰਦੀ ਅਤੇ ਕਰਫ਼ਿਊ ਕਰ ਕੇ ਸਮਾਜਿਕ, ਧਾਰਮਿਕ ਤੇ ਆਰਥਿਕ ਸਿਸਟਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ। ਖ਼ਾਸ ਕਰ ਕੇ ਗ਼ਰੀਬ ਵਰਗ ਜੋ ਰੋਜ਼ ਕੰਮ ਕਰ ਕੇ ਆਪਣੇ ਪਰਿਵਾਰ ਦਾ ਢਿੱਡ ਪਾਲਦਾ ਸੀ, ਉਸ ਨੂੰ ਕਾਫ਼ੀ ਤਰ੍ਹਾਂ ਦੀਆਂ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
ਅੰਮ੍ਰਿਤਸਰ ਦੇ ਲੇਬਰ ਚੌਕ, ਲੋਹਗੜ੍ਹ ਚੌਕ ਅਤੇ ਲੂਣ ਮੰਡੀ ਚੌਕ ਵਿਖੇ ਖੜੇ ਇੰਨ੍ਹਾਂ ਮਜ਼ਦੂਰਾਂ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਆਪਣੇ ਦੁੱਖ ਸਾਂਝੇ ਕੀਤੇ। ਉਨ੍ਹਾਂ ਦੱਸਿਆ ਕਿ ਬਹੁਤ ਲੰਬੇ ਸਮੇਂ ਤੋ ਲੌਕਡਾਊਨ ਕਰ ਕੇ ਕਾਰੋਬਾਰ ਬੰਦ ਹਨ ਅਤੇ ਉਹ ਵਿਹਲੇ ਬੈਠੇ ਹਨ। ਨਾਲ ਹੀ ਉਨ੍ਹਾਂ ਦੱਸਿਆ ਕਿ ਭੁੱਖ ਨਾਲ ਉਨ੍ਹਾਂ ਦਾ ਬੁਰਾ ਹੋ ਰੱਖਿਆ ਹੈ ਅਤੇ ਸਰਕਾਰ ਦੀ ਮਦਦ ਵੀ ਨਾਕਾਫ਼ੀ ਹੈ।
ਪ੍ਰਸ਼ਾਸਨ ਵੀ ਉਨ੍ਹਾਂ ਦੀ ਚੰਗੀ ਤਰ੍ਹਾਂ ਸਾਰ ਨਹੀਂ ਲੈ ਰਿਹਾ ਹੈ ਅਤੇ ਉਨ੍ਹਾਂ ਕੋਲ ਪੈਸੇ ਨਾ ਹੋਣ ਕਰ ਕੇ ਉਹ ਆਪਣੇ ਰਾਸ਼ਨ-ਪਾਣੀ ਵੀ ਚੰਗੀ ਤਰ੍ਹਾਂ ਨਹੀਂ ਲੈ ਕੇ ਜਾ ਸਕਦੇ। ਕੁੱਝ ਮਜ਼ਦੂਰਾਂ ਨੇ ਦੱਸਿਆ ਕਿ ਜੇ ਉਹ ਬਾਹਰ ਵੀ ਨਿਕਲਦੇ ਸਨ, ਤਾਂ ਪੁਲਿਸ ਉਨ੍ਹਾਂ ਨੂੰ ਡੰਡੇ ਮਾਰ ਕੇ, ਡਰਾ ਧਮਕਾ ਕੇ ਭਜਾ ਦਿੰਦੀ ਹੈ। ਉਨ੍ਹਾਂ ਦੱਸਿਆ ਕਿ ਅਸੀਂ ਤਾਂ ਦਿਹਾੜੀ ਦੇ ਨਾਲ ਹੀ ਗੁਜ਼ਾਰਾ ਕਰਦੇ ਹਨ। ਨਾ ਤਾਂ ਸਾਡੇ ਵਪਾਰ ਹਨ ਅਤੇ ਨਾ ਹੀ ਸਾਡੇ ਕੋਲ ਜ਼ਮੀਨਾਂ ਹਨ, ਜਿੰਨ੍ਹਾਂ ਦੇ ਸਿਰ ਉੱਤੇ ਸਾਡੇ ਘਰ ਦਾ ਗੁਜ਼ਾਰਾ ਚੱਲ ਸਕੇ।
ਉੱਥੇ ਹੀ ਬਿਹਾਰ ਅਤੇ ਯੂਪੀ ਤੋਂ ਰੁਜ਼ਗਾਰ ਲਈ ਇੱਥੇ ਆਏ ਮਜ਼ਦੂਰਾਂ ਨੇ ਕਿਹਾ ਕਿ ਉਹ ਆਪਣੇ ਘਰ ਜਾਣਾ ਚਾਹੁੰਦੇ ਹਨ ਪਰ ਸਰਕਾਰ ਨੇ ਕੋਈ ਪ੍ਰਬੰਧ ਨਹੀਂ ਕੀਤਾ। ਭਜਨ ਲਾਲ ਨੇ ਕਿਹਾ ਕਿ ਸ਼ਹਿਰ ਬੰਦ ਹੋਣ ਕਰਕੇ ਪ੍ਰੇਸ਼ਾਨੀ ਵਧ ਗਈ ਹੈ,ਕੋਈ ਕੰਮਕਾਰ ਨਹੀਂ। ਮੁਹੱਲਿਆਂ ਦੇ ਐੱਮਸੀ ਰਾਸ਼ਨ ਖਾ ਜਾਂਦੇ ਹਨ, ਕਣਕ ਪੂਰੀ ਨਹੀਂ ਮਿਲਦੀ ਤੇ ਕੰਮ ਬੰਦ ਹੋਣ ਕਰਕੇ ਬਿਜਲੀ ਦਾ ਬਿੱਲ ਕਿੱਥੋਂ ਭਰੀਏ?