ਅੰਮ੍ਰਿਤਸਰ : ਛੇਹਰਟਾ ਇਲਾਕੇ ਦੇ ਰਹਿਣ ਵਾਲੇ ਅਸ਼ਵਨੀ ਕੁਮਾਰ ਨਾਂਅ ਦੇ ਵਿਅਕਤੀ ਦੀ ਘਰੇਲੂ ਲੜਾਈ ਦਾ ਫਾਇਦਾ ਗੁਆਂਢ ਵਿੱਚ ਰਹਿਣ ਵਾਲੇ ਨੇ ਹੀ ਚੁੱਕ ਲਿਆ। ਗੁਆਂਢੀ ਠੱਗ ਉੱਤੇ ਪੀੜਤ ਨੇ ਕਰੀਬ 26 ਲੱਖ ਦੀ ਠੱਗੀ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਪੀੜਤ ਅਸ਼ਵਨੀ ਕੁਮਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਦਾ ਅਪਣੀ ਪਤਨੀ ਅਤੇ ਪੁੱਤਰ ਨਾਲ ਪਿਛਲੇ ਕਰੀਬ 5 ਸਾਲ ਤੋਂ ਬੋਲਚਾਲ ਨਹੀਂ ਹੈ। ਉਸ ਦੀ ਪਤਨੀ ਆਪਣੇ ਪੇਕੇ ਰਿਸ਼ਤੇਦਾਰਾਂ ਕੋਲ ਰਹਿੰਦੀ ਸੀ ਤੇ ਪੁੱਤਰ ਵਿਦੇਸ਼ ਵਿੱਚ। ਇਸ ਗੱਲ ਦਾ ਫਾਇਦਾ ਉਸ ਦੇ ਗੁਆਂਢ ਵਿੱਚ ਰਹਿੰਦੇ ਨੌਜਵਾਨ ਮਨਪ੍ਰੀਤ ਸਿੰਘ ਮਨੀ ਨੇ ਚੁੱਕਿਆ ਤੇ ਉਸ ਨੂੰ ਕਿਸੇ ਹੋਰ ਦਾ ਪੁੱਤਰ ਦੱਸ ਕੇ ਗੱਲ ਕਰਦੇ ਹੋਏ ਲੱਖਾਂ ਦੀ ਠੱਗੀ ਕਰ ਗਿਆ।
ਇੰਝ ਕੀਤੀ ਠੱਗੀ : ਪੀੜਤ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਉਸ ਦਾ ਪੁੱਤਰ ਵਿਦੇਸ਼ ਗਿਆ ਹੋਇਆ ਹੈ। ਕੁਝ ਘਰੇਲੂ ਕਾਰਨਾਂ ਕਰਕੇ ਪੁੱਤਰ ਨਾਲ ਗੱਲਬਾਤ ਨਹੀਂ ਹੁੰਦੀ। ਫਿਰ ਅਸ਼ਵਨੀ ਦੀ ਉਸ ਦੀ ਪਤਨੀ ਨਾਲ ਵੀ ਅਨਬਨ ਹੋਈ ਅਤੇ ਉਹ ਪੇਕੇ ਚਲੀ ਗਈ। ਇੱਕਲੇ ਰਹਿਣ ਉੱਤੇ ਅਸ਼ਵਨੀ ਨੇ ਗੁਆਂਢ ਵਿੱਚ ਰਹਿੰਦੇ ਮਨਮੀਤ ਸਿੰਘ ਨੂੰ ਕਿਹਾ ਕਿ ਉਹ ਅਪਣੇ ਪੁੱਤਰ ਨਾਲ ਗੱਲ ਕਰਨਾ ਚਾਹੁੰਦੇ ਹਨ। ਇਸ ਉੱਤੇ ਮਨਮੀਤ ਸਿੰਘ ਤੇ ਉਸ ਦੇ ਪਿਤਾ ਗੁਰਮੀਤ ਸਿੰਘ ਨੇ ਸਾਜਿਸ਼ ਰਚੀ।
ਕਿਸੇ ਹੋਰ ਲੜਕੇ ਨੂੰ ਦੱਸਿਆ ਰੌਬਿਨ: ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਮਨਮੀਤ ਸਿੰਘ ਨੇ ਕਿਸੇ ਹੋਰ ਲੜਕੇ ਨੂੰ ਅਸ਼ਵਨੀ ਦਾ ਪੁੱਤਰ ਰੌਬਿਨ ਦੱਸਦੇ ਹੋਏ ਉਸ ਨਾਲ ਗੱਲ ਕਰਵਾਉਂਦੇ ਰਹੇ। ਫਿਰ ਵੱਖ-ਵੱਖ ਤਰੀਕੇ ਨਾਲ ਪੈਸੇ ਕੱਢਵਾਉਂਦੇ ਰਹੇ। ਕਦੇ ਬਿਮਾਰੀ ਦਾ ਬਹਾਨਾ ਬਣੇ ਕੇ ਤੇ ਕਦੇ ਨਵਾਂ ਕਾਰੋਬਾਰ ਖੋਲ੍ਹਣ ਦੇ ਨਾਂਅ ਉੱਤੇ ਰੌਬਿਨ ਬਣ ਕੇ ਪੈਸੇ ਮੰਗਵਾਉਂਦੇ ਰਹੇ। ਫਿਰ ਇਕ ਦਿਨ ਅਸ਼ਵਨੀ ਕੁਮਾਰ ਨੂੰ ਪਤਾ ਲੱਗਾ ਕਿ ਉਸ ਨਾਲ ਨਕਲੀ ਆਈਡੀ ਬਣਾ ਕੇ ਕਰੀਬ 26 ਲੱਖ ਦੀ ਠੱਗੀ ਕੀਤੀ ਗਈ ਹੈ। ਇਸ ਦੀ ਸ਼ਿਕਾਇਤ ਅਸ਼ਵਨੀ ਨੇ ਸਬੰਧਤ ਪੁਲਿਸ ਥਾਣੇ ਵਿੱਚ ਦਿੱਤੀ।
ਪੁਲਿਸ ਅਧਿਕਾਰੀ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਮਨਮੀਤ ਸਿੰਘ ਮਨੀ ਤੇ ਪੁੱਤਰ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਅਦਾਲਤ ਵਿਚ ਪੇਸ਼ ਕਰਨ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬਹੁਤ ਜਲਦ ਇਸ ਠੱਗ ਦੇ ਸਾਥੀਆਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ: Valentine Week 2023: ਬਾਜ਼ਾਰਾਂ 'ਚ ਵੱਖ-ਵੱਖ ਡਿਜ਼ਾਈਨਾਂ ਵਾਲੇ ਗਹਿਣੇ, ਇਸ ਤਰ੍ਹਾਂ ਦੇ ਗਹਿਣੇ ਦੇ ਕੇ ਕਰੋ ਆਪਣੇ ਚਾਹੁਣ ਵਾਲੇ ਨੂੰ ਖੁਸ਼