ਅੰਮ੍ਰਿਤਸਰ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਵਖਤ 'ਚ ਪਾਇਆ ਹੋਇਆ ਹੈ। ਇਸ ਦੇ ਕਾਰਨ ਪਾਕਿਸਤਾਨ ਨੇ ਵਾਗਹਾ ਸਰਹੱਦ ਨੂੰ ਵੀ ਆਉਣ ਜਾਣ ਲਈ ਬੰਦ ਕਰ ਦਿੱਤਾ ਹੈ। ਜਿਸ ਕਾਰਨ ਪਾਕਿਸਤਾਨ ਦੇ ਸ਼ਹਿਰ ਕਰਾਚੀ ਤੋਂ ਆਪਣੇ ਬੇਟੇ ਦਾ ਇਲਾਜ ਕਰਵਾਉਣ ਲਈ ਭਾਰਤ ਆਇਆ ਪਰਿਵਾਰ ਅਟਾਰੀ ਸਰਹੱਦ 'ਤੇ ਫਸਿਆ ਹੋਇਆ।
ਲੜਕੇ ਦੇ ਪਿਤਾ ਸ਼ਿਰਾਜ਼ ਨੇ ਦੱਸਿਆ ਕਿ ਉਹ ਆਪਣੇ ਬੇਟੇ ਦੇ ਦਿਲ ਦਾ ਇਲਾਜ ਕਰਵਾਉਣ ਲਈ ਭਾਰਤ ਆਏ ਸਨ। ਉਨ੍ਹਾਂ ਦੱਸਿਆ ਕਿ ਉਸ ਦੇ ਦਿਲ ਦਾ ਅਪ੍ਰੇਸ਼ਨ ਸਫਲਤਾ ਨਾਲ ਹੋ ਗਿਆ ਹੈ ਅਤੇ ਉਹ ਆਪਣੇ ਦੇਸ਼ ਜਾਣ ਲਈ ਅਟਾਰੀ ਸਰਹੱਦ 'ਤੇ ਪਹੁੰਚੇ ਸਨ। ਇੱਥੇ ਉਨ੍ਹਾਂ ਨੂੰ ਪਾਕਿਸਤਾਨ ਜਾਣ ਦੀ ਆਗਿਆ ਨਹੀਂ ਦਿੱਤੀ ਗਈ।
ਉਨ੍ਹਾਂ ਸਰਕਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਬੇਟੇ ਨੂੰ ਅਰਾਮ ਅਤੇ ਡਾਕਟਰੀ ਨਿਗਰਾਨੀ ਦੀ ਬੇਹੱਦ ਜ਼ਰੂਰਤ ਹੈ। ਜੋ ਕਿ ਆਪਣੇ ਘਰ ਵਿੱਚ ਹੀ ਸੰਭਵ ਹੋ ਸਕਦੀ ਹੈ। ਉਨ੍ਹਾਂ ਕਿਹਾ ਸਰਕਾਰ ਵਿਸ਼ੇਸ਼ ਕੇਸ ਵਜੋਂ ਲੈਂਦੇ ਹੋਏ ਉਨ੍ਹਾਂ ਨੂੰ ਪਾਕਿਸਤਾਨ ਵਿੱਚ ਦਾਖ਼ਲ ਹੋਣ ਦੀ ਅਗਿਆ ਦੇਵੇ।
ਉਨ੍ਹਾਂ ਦੱਸਿਆ ਕਿ ਪਾਕਿਸਤਾਨ ਨੇ ਕੋਰੋਨਾ ਵਾਇਰਸ ਕਾਰਨ ਸਰਹੱਦ ਨੂੰ ਸੀਲ ਕਰ ਦਿੱਤਾ ਹੈ। ਜਿਸ ਕਾਰਨ ਉਨ੍ਹਾਂ ਨੂੰ ਭਾਰਤ ਵਾਲੇ ਪਾਸੇ ਤੋਂ ਪਾਕਿਸਤਾਨ ਜਾਣ ਦੀ ਅਗਿਆ ਨਹੀਂ ਦਿੱਤੀ ਗਈ।
ਸ਼ਿਰਾਜ ਨੇ ਦੱਸਿਆ ਕਿ ਪਾਸਿਕਤਾਨੀ ਦੂਤਾਵਾਸ ਉਨ੍ਹਾਂ ਨਾਲ ਸਪੰਰਕ 'ਚ ਹੈ ਅਤੇ ਉਨ੍ਹਾਂ ਦੀ ਪਾਕਿਸਤਾਨ ਵਾਪਸੀ ਲਈ ਕੋਸ਼ਿਸ਼ਾਂ ਕਰ ਰਿਹਾ ਹੈ।
ਲੜਕੇ ਦੀ ਮਾਤਾ ਸਾਇਮਾ ਨੇ ਦੋਵੇਂ ਮੁਲਕਾਂ ਦੀਆਂ ਸਰਕਾਰਾਂ ਤੋਂ ਅਪੀਲ ਕੀਤੀ ਕਿ ਉਨ੍ਹਾਂ ਦੇ ਬੇਟੇ ਨੂੰ ਅਰਾਮ ਅਤੇ ਡਾਕਟਰੀ ਸਹਾਇਤਾ ਦੀ ਹਰ ਵੇਲੇ ਜ਼ਰੂਰਤ ਹੈ। ਜਿਸ ਕਾਰਨ ਉਨ੍ਹਾਂ ਨੂੰ ਜਲਦ ਤੋਂ ਜਲਦ ਪਾਕਿਸਤਾਨ ਵਾਪਸ ਭੇਜਿਆ ਜਾਵੇ।