ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਿੱਖ ਸੰਗਤਾਂ ਦੇ ਜਥੇ ਨੂੰ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਭੇਜਿਆ ਜਾ ਰਿਹਾ ਹੈ। ਪਾਕਿਸਤਾਨ ਜਾਣ ਵਾਲੇ 500 ਸ਼ਰਧਾਲੂਆਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਕੋਰੋਨਾ ਟੈਸਟ ਕਰਵਾਇਆ ਜਾ ਰਿਹਾ ਹੈ।ਸਿਵਲ ਹਸਪਤਾਲ ਅੰਮ੍ਰਿਤਸਰ ਦੀ ਮੈਡੀਕਲ ਟੀਮ ਵੱਲੋਂ ਸ਼ਰਧਾਲੂਆਂ ਦਾ ਟੈਸਟ ਕੀਤਾ ਜਾ ਰਿਹਾ ਹੈ।
ਡਾ. ਸ਼ਿਵਦੀਪ ਕੌਰ ਨੇ ਦੱਸਿਆ ਕਿ ਸਿਵਲ ਸਰਜਨ ਅੰਮ੍ਰਿਤਸਰ ਦੇ ਹੁਕਮਾਂ ਦੇ ਮੁਤਾਬਕ ਉਨ੍ਹਾਂ ਦੀ ਡਾਕਟਰੀ ਟੀਮ ਵੱਲੋਂ ਸ਼ਰਧਾਲੂਆਂ ਦਾ ਟੈਸਟ ਕੀਤਾ ਜਾ ਰਿਹਾ ਹੈ। ਜਿਸ ਦੀ ਰਿਪੋਰਟ ਭਲਕੇ ਆਵੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 66 ਦੇ ਕਰੀਬ ਸ਼ਰਧਾਲੂਆਂ ਦਾ ਕੋਰੋਨਾ ਟੈਸਟ ਕੀਤਾ ਗਿਆ ਹੈ।


ਪੰਜ ਪਿਆਰੇ ਸਾਹਿਬਾਨਾਂ ਵਿੱਚੋਂ ਜਥੇ ਨਾਲ ਜਾ ਰਹੇ ਭਾਈ ਮੰਗਲ ਸਿੰਘ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਨਨਕਾਣਾ ਸਾਹਿਬ (ਪਾਕਿਸਤਾਨ)ਵਿੱਚ ਜਾਵੇਗਾ। ਉਨ੍ਹਾਂ ਕਿਹਾ ਕਿ ਸੰਸਾਰ ਭਰ ਵਿਚ ਫੈਲੇ ਕੋਰੋਨਾ ਮਹਾਂਮਾਰੀ ਕਰਕੇ ਸਾਰਿਆਂ ਨੂੰ ਸੁਚੇਤ ਹੋਣ ਦੀ ਲੋੜ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਨਨਕਾਣਾ ਸਾਹਿਬ ਜਾ ਰਹੇ ਸ਼ਰਧਾਲੂਆਂ ਦਾ ਕੋਰੋਨਾ ਟੈਸਟ ਕੀਤੇ ਜਾ ਰਹੇ ਹਨ, ਜੋ ਬਹੁਤ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਨੂੰ ਅਜਿਹੇ ਮੌਕੇ ਸਹਿਯੋਗ ਦੀ ਲੋੜ ਹੈ ਤੇ ਕੋਰੋਨਾ ਟੈਸਟ ਤੋਂ ਨਹੀਂ ਡਰਨਾ ਚਾਹੀਦਾ ਤੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਕਰਵਾਉਣਾ ਚਾਹੀਦਾ ਹੈ।