ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 6 ਜੂਨ ਨੂੰ ਖ਼ਾਲਿਸਤਾਨ ਦਾ ਸਮਰਥਨ ਕੀਤਾ ਗਿਆ ਸੀ ਤੇ ਥੋੜ੍ਹੇ ਹੀ ਦਿਨਾਂ ਬਾਅਦ ਉਨ੍ਹਾਂ ਨੇ ਆਪਣੇ ਬਿਆਨ ਨੂੰ ਬਦਲ ਦਿੱਤਾ। ਇਸ ਸਬੰਧੀ ਸਿੱਖ ਹਲਕਿਆਂ ਵਿੱਚ ਕਾਫ਼ੀ ਚਰਚਾ ਹੋ ਰਹੀ ਹੈ।
ਈਟੀਵੀ ਭਾਰਤ ਨਾਲ ਸਰਬੱਤ ਖ਼ਾਲਸਾ ਦੇ ਮੁੱਖ ਪ੍ਰਬੰਧਕ ਜਰਨੈਲ ਸਿੰਘ ਸਖੀਰਾ ਨੇ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਜਿਸ ਤਰ੍ਹਾਂ ਗਿਆਨੀ ਹਰਪ੍ਰੀਤ ਸਿੰਘ ਨੇ ਖ਼ਾਲਿਸਤਾਨ ਦੀ ਮੰਗ ਕੀਤੀ ਹੈ, ਉਸ ਤਰੀਕੇ ਨਾਲ ਉਨ੍ਹਾਂ ਨੂੰ ਖ਼ਾਲਿਸਤਾਨ ਕੌਣ ਦੇਵੇਗਾ? ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖ ਕੌਮ ਵੱਲੋਂ 10 ਨਵੰਬਰ 2015 ਨੂੰ ਸਰਬੱਤ ਖ਼ਾਲਸਾ ਨੇ ਜਗਤਾਰ ਸਿੰਘ ਹਵਾਰਾ ਨੂੰ ਜਥੇਦਾਰ ਅਤੇ ਧਿਆਨ ਸਿੰਘ ਮੰਡ ਨੂੰ ਕਾਰਜਕਾਰੀ ਜਥੇਦਾਰ ਚੁਣ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਦਾ ਬਿਆਨ ਰਾਜਨੀਤੀ ਤੋਂ ਪ੍ਰੇਰਿਤ ਹੈ, ਜੋ ਕਿ ਖ਼ਾਲਿਸਤਾਨੀਆਂ ਅਤੇ ਗਰਮਦਲੀਆਂ ਨੂੰ ਆਪਣੇ ਮਗਰ ਲਾਉਣ ਦਾ ਯਤਨ ਹੈ।
ਉਨ੍ਹਾਂ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤਨਖ਼ਾਹਦਾਰ ਹਨ, ਜਿਸ ਕਰਕੇ ਉਹ ਕੋਈ ਸਟੈਂਡ ਨਹੀਂ ਲੈ ਸਕਦੇ ਤੇ ਆਪਣੇ ਆਕਾਵਾਂ ਦੇ ਕਹਿਣ 'ਤੇ ਉਹ ਹੁਣ ਆਪਣੇ ਖ਼ਾਲਿਸਤਾਨ ਵਾਲੇ ਬਿਆਨ ਤੋਂ ਪਲਟ ਗਏ ਹਨ, ਜਿਸ ਕਾਰਨ ਉਹ ਖ਼ਾਲਿਸਤਾਨ ਤੋਂ ਹਲੇਮੀ ਰਾਜ 'ਤੇ ਆ ਗਏ ਹਨ।
ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਬਾਰੇ ਕਿਹਾ ਕਿ ਉਹ ਵੀ ਖ਼ਾਲਿਸਤਾਨ ਦੀ ਗੱਲ ਤੋਂ ਮੁੱਕਰ ਗਏ ਹਨ, ਕਿਉਂਕਿ ਇਨ੍ਹਾਂ 'ਚ ਖ਼ਾਲਿਸਤਾਨ ਦੀ ਗੱਲ 'ਤੇ ਡਟੇ ਰਹਿਣ ਦਾ ਦਮ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਖ਼ਾਲਿਸਤਾਨ ਉਦੋਂ ਯਾਦ ਹੁੰਦਾ ਹੈ, ਜਦ ਸੱਤਾ ਤੋਂ ਲਾਂਭੇ ਹੁੰਦੇ ਹਨ। ਭਾਈ ਸਖੀਰਾ ਨੇ ਕਿਹਾ ਕਿ ਕੌਮ ਅਕਾਲੀ ਦਲ ਨੂੰ ਨਹੀਂ ਮੰਨਦੀ ਤੇ ਅਕਾਲੀ ਦਲ ਨੇ ਜਿੱਥੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ, ਉੱਥੇ ਹੀ ਇਨ੍ਹਾਂ ਦਾ ਸਾਕਾ ਨੀਲਾ ਤਾਰਾ ਕਰਵਾਉਣ ਵਿੱਚ ਵੀ ਹੱਥ ਰਿਹਾ।