ਅੰਮ੍ਰਿਤਸਰ: ਬੀਤੀ ਦਿਨ ਰਾਤ 9 ਕੁ ਵਜੇ ਪ੍ਰਦੇਸ਼ ਭਾਜਪਾ ਐੱਸਸੀ ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ ਨੂੰ ਕੁਝ ਲੋਕਾਂ ਨੇ ਗੋਲੀ ਮਾਰ ਦਿੱਤੀ। ਇਸ ਹਮਲੇ 'ਚ ਉਹ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਐਸਪੀ ਜੁਗਰਾਜ ਸਿੰਘ ਪੁਲਿਸ ਪਾਰਟੀ ਨਾਲ ਮੌਕੇ ’ਤੇ ਪੁੱਜੇ। ਬਲਵਿੰਦਰ ਗਿੱਲ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ੇਰੇ ਇਲਾਜ ਹੈ।
ਘਟਨਾ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ: ਪੁਲਿਸ ਗੋਲੀਬਾਰੀ ਕਰਨ ਵਾਲਿਆਂ ਦਾ ਪਤਾ ਲਗਾਉਣ ਲਈ ਇਲਾਕੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੀ ਹੈ। ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ਵਿੱਚ ਇਕ ਸਖ਼ਸ਼ ਬਲਵਿੰਦਰ ਦੇ ਗੇਟ ਵੱਲ ਜਾਂਦਾ ਵਿਖਾਈ ਦੇ ਰਿਹਾ ਹੈ।
ਇਸ ਤਰ੍ਹਾਂ ਵਾਪਰੀ ਘਟਨਾ: ਭਾਜਪਾ ਆਗੂ ਬਲਵਿੰਦਰ ਸਿੰਘ ਗਿੱਲ ਦੇ ਸਾਥੀਆਂ ਨੇ ਦੱਸਿਆ ਕਿ ਐਤਵਾਰ ਰਾਤ ਨੂੰ ਬਲਵਿੰਦਰ ਆਪਣੇ ਘਰ ਆਰਾਮ ਕਰ ਰਿਹਾ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਦੋ ਨੌਜਵਾਨ ਉਨ੍ਹਾਂ ਦੇ ਘਰ ਦੇ ਬਾਹਰ ਪਹੁੰਚੇ। ਮੁਲਜ਼ਮ ਨੇ ਘੰਟੀ ਵਜਾਈ ਜਿਵੇਂ ਹੀ ਭਾਜਪਾ ਆਗੂ ਬਲਵਿੰਦਰ ਨੇ ਦਰਵਾਜ਼ਾ ਖੋਲ੍ਹਿਆ, ਤਾਂ ਇੱਕ ਨੌਜਵਾਨ ਨੇ ਉਸ ਦੇ ਮੂੰਹ ’ਤੇ ਗੋਲੀ ਮਾਰ ਦਿੱਤੀ। ਗੋਲੀ ਜਬਾੜੇ ਵਿਚੋਂ ਲੰਘ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਮੋਟਰਸਾਈਕਲ 'ਤੇ ਫ਼ਰਾਰ ਹੋ ਗਏ। ਗੋਲੀਬਾਰੀ ਦੀ ਆਵਾਜ਼ ਸੁਣ ਕੇ ਪਰਿਵਾਰਕ ਮੈਂਬਰ ਅਤੇ ਆਸਪਾਸ ਦੇ ਲੋਕ ਮੌਕੇ 'ਤੇ ਇਕੱਠੇ ਹੋ ਗਏ। ਭਾਜਪਾ ਆਗੂ ਨੂੰ ਕਿਸੇ ਤਰ੍ਹਾਂ ਹਸਪਤਾਲ ਲਿਜਾਇਆ ਗਿਆ।
ਭਾਜਪਾ ਆਗੂਆਂ ਨੇ ਘੇਰੀ ਆਪ ਸਰਕਾਰ: ਭਾਜਪਾ ਆਗੂ ਸੰਜੀਵ ਕੁਮਾਰ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਗਈ ਹੈ। ਪੰਜਾਬ ਦਾ ਆਪ ਸਰਕਾਰ ਪੰਜਾਬ ਵਿੱਚ ਸ਼ਾਂਤੀ ਕਾਇਮ ਰੱਖਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਸਾਬਿਤ ਹੋਈ ਹੈ। ਉਨ੍ਹਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਨੂੰ ਵੀ ਹੁਣ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਵਰਗੇ ਮੁੱਖ ਮੰਤਰੀ ਦੀ ਲੋੜ ਹੈ, ਜੋ ਸ਼ਾਂਤੀ ਭੰਗ ਕਰਨ ਵਾਲਿਆਂ ਦਾ ਸਫਾਇਆ ਹੀ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਆਮ ਆਦਮੀ ਵੀ ਸੁੱਰਖਿਅਤ ਨਹੀਂ ਹੈ, ਰਾਹ ਤੁਰੇ ਜਾਂਦੇ ਆਦਮੀ ਨਾਲ ਵਾਰਦਾਤਾਂ ਹੋ ਰਹੀਆਂ ਹਨ। ਕਦੇ ਲੁੱਟ ਅਤੇ ਕਦੇ ਕਤਲ, ਕਾਨੂੰਨ ਵਿਵਸਥਾ ਦਾ ਅਪਰਾਧ ਕਰਨ ਵਾਲਿਆਂ ਨੂੰ ਕੋਈ ਡਰ ਨਹੀਂ ਹੈ।
ਇਹ ਵੀ ਪੜ੍ਹੋ: ਭਾਜਪਾ ਆਗੂ ਉੱਤੇ ਗੋਲੀਬਾਰੀ ਦਾ ਮਾਮਲਾ, ਆਗੂਆਂ ਨੇ ਕਿਹਾ- 'ਗੈਂਗਸਟਰ ਚਲਾ ਰਹੇ ਸਰਕਾਰ, ਇੱਥੇ ਯੋਗੀ ਵਰਗੇ ਮੰਤਰੀ ਦੀ ਲੋੜ'