ਅੰਮ੍ਰਿਤਸਰ: ਬੀਜੇਪੀ ਯੂਵਾ ਮੋਰਚਾ ਪੰਜਾਬ ਤੋਂ ਸੂਬਾ ਪ੍ਰਧਾਨ ਭਾਨੂ ਪ੍ਰਤਾਪ ਸਿੰਘ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹਿਲੀ ਵਾਰ ਮੱਥਾ ਟੇਕਿਆ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਨੂ ਪ੍ਰਤਾਪ ਸਿੰਘ ਨੇ ਕਿਹਾ ਕਿ ਪੰਜਾਬ ਦੇ ਅੰਮ੍ਰਿਤਸਰ, ਬਟਾਲਾ, ਤਰਨਤਾਰਨ ਵਿਖੇ ਕਾਂਗਰਸੀ ਵਿਧਾਇਕਾਂ ਦੀ ਮਿਲੀਭੁਗਤ ਨਾਲ ਜ਼ਹਿਰੀਲੀ ਸ਼ਰਾਬ ਵੰਡੀ ਜਾ ਰਹੀ ਹੈ, ਜਿਸ ਨੂੰ ਪੀ ਕੇ ਵੱਡੀ ਗਿਣਤੀ ਵਿੱਚ ਮੌਤਾਂ ਹੋ ਰਹੀਆਂ ਹਨ। ਇਸ ਨੂੰ ਦੇਖਦੇ ਹੋਏ ਪੰਜਾਬ ਯੁਵਾ ਮੋਰਚਾ ਵੱਲੋਂ ਅਲੱਗ-ਅਲੱਗ ਥਾਵਾਂ 'ਤੇ ਕਾਂਗਰਸੀ ਵਿਧਾਇਕਾਂ ਦੇ ਘਰ ਘੇਰੇ ਗਏ ਅਤੇ ਘਰਾਂ ਦੇ ਬਾਹਰ ਧਰਨੇ, ਪ੍ਰਦਰਸ਼ਨ ਕੀਤੇ ਗਏ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੱਥ ਵਿੱਚ ਗੁਟਕਾ ਸਾਹਿਬ ਫੜ ਕੇ ਸਹੁੰ ਖਾਧੀ ਸੀ ਕਿ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦੇਵਾਂਗਾ, ਉਨ੍ਹਾਂ ਨੇ ਨਸ਼ਾ ਤਾਂ ਖ਼ਤਮ ਨਹੀਂ ਕੀਤਾ ਸਗੋਂ ਨੌਕਰੀਆਂ ਖ਼ਤਮ ਕਰ ਦਿੱਤੀਆਂ।
ਭਾਨੂ ਪ੍ਰਤਾਪ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਗ਼ਰੀਬ ਪਰਿਵਾਰਾਂ ਨੂੰ ਖ਼ਤਮ ਕਰ ਦਿੱਤਾ। ਜਿੱਥੇ ਘਰ-ਘਰ ਨੌਕਰੀ ਦੇਣੀ ਸੀ, ਉੱਥੇ ਘਰ-ਘਰ ਵਿੱਚ ਜ਼ਹਿਰੀਲੀ ਸ਼ਰਾਬ ਵੰਡੀ ਜਾ ਰਹੀ ਹੈ, ਇਸ ਲਈ ਮੁੱਖ ਮੰਤਰੀ ਅਤੇ ਉਸ ਦੇ ਵਿਧਾਇਕਾਂ ਨੂੰ ਨੈਤਿਕਤਾ ਦੇ ਆਧਾਰ 'ਤੇ ਅਸਤੀਫ਼ਾ ਦੇਣਾ ਚਾਹੀਦਾ ਹੈ।