ਅੰਮ੍ਰਿਤਸਰ: ਸ਼ਹਿਰ ਵਿੱਚ ਭਾਜਪਾ ਆਗੂ ਉੱਤੇ ਨਕਾਬਪੋਸ਼ ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ, ਇਸ ਦੌਰਾਨ ਜੰਡਿਆਲਾ ਗੁਰੂ ਦੇ ਰਹਿਣ ਵਾਲੇ ਭਾਜਪਾ ਐਸਸੀ ਮੋਰਚਾ ਦੇ ਜਨਰਲ ਸਕੱਤਰ ਬਲਵਿੰਦਰ ਗਿੱਲ ਅਪਣੇ ਘਰ ਵਿੱਚ ਮੌਜੂਦ ਸਨ। ਇਸ ਦੌਰਾਨ ਦੋ ਮੋਟਰਸਾਈਕਲ ਸਵਾਰ ਆਏ ਤੇ ਉਨ੍ਹਾਂ ਨੂੰ ਬਾਹਰ ਬੁਲਾ ਕੇ ਗੋਲੀ ਚਲਾ ਦਿੱਤੀ। ਫਿਲਹਾਲ ਉਨ੍ਹਾਂ ਨੂੰ ਅੰਮ੍ਰਿਤਸਰ ਦੇ ਕੇਡੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇੱਥੇ ਯੋਗੀ ਵਰਗਾ ਮੁੱਖ ਮੰਤਰੀ ਚਾਹੀਦਾ: ਘਟਨਾ ਤੋਂ ਭਾਜਪਾ ਦੇ ਜ਼ਿਲ੍ਹਾ ਮਹਾ ਸਕੱਤਰ ਸੰਜੀਵ ਕੁਮਾਰ ਨੇ ਕਿਹਾ ਕਿ ਸਾਡੇ ਸਾਥੀ ਬਲਵਿੰਦਰ ਸਿੰਘ ਨੂੰ ਜਖਮੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਪੰਜਾਬ ਦੀ ਸਰਕਾਰ ਕਾਨੂੰਨ ਵਿਵਸਥਾ ਸੰਭਾਲਣ ਵਿੱਚ ਫੇਲ੍ਹ ਹੋ ਚੁੱਕੀ ਹੈ। ਇੱਥੇ ਯੂਪੀ ਦੇ ਯੋਗੀ ਵਰਗੇ ਮੁੱਖ ਮੰਤਰੀ ਦੀ ਲੋੜ ਹੈ, ਤੁਸੀਂ ਵੇਖਿਆ ਹੀ ਹੈ ਕਿਵੇਂ ਉਨ੍ਹਾਂ ਨੇ ਮਾਹੌਲ ਖਰਾਬ ਕਰਨ ਵਾਲਿਆਂ ਦਾ ਖ਼ਾਤਮਾ ਕਰ ਦਿੱਤਾ ਹੈ। ਸੰਜੀਵ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਜਦੋਂ ਕਤਲ ਹੋਇਆ, ਤਾਂ ਉਦੋ ਉਸ ਦੇ ਪਿਤਾ ਨੇ ਵੀ ਕਿਹਾ ਸੀ ਕਿ ਜੇਕਰ ਪੰਜਾਬ ਦਾ ਮੁੱਖ ਮੰਤਰੀ ਯੋਗੀ ਹੁੰਦਾ ਤਾਂ ਮੇਰਾ ਪੁੱਤਰ ਨਾ ਮਰਦਾ।
ਗੈਂਗਸਟਰ ਚਲਾ ਰਹੇ ਸਰਕਾਰ: ਭਾਜਪਾ ਦੇ ਜ਼ਿਲ੍ਹਾ ਮਹਾ ਸਕੱਤਰ ਸੰਜੀਵ ਕੁਮਾਰ ਨੇ ਪੰਜਾਬ ਸਰਕਾਰ ਉੱਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਵਿੱਚ ਲਾਅ ਐਂਡ ਆਰਡਰ ਬਿਲਕੁਲ ਵਿਗੜ ਚੁੱਕਾ ਹੈ। ਇੱਥੇ ਕੋਈ ਵੀ ਸੁਰੱਖਿਅਤ ਨਹੀਂ ਹੈ, ਇਸੇ ਕਰਕੇ ਇੱਥੇ ਆ ਕੇ ਕੋਈ ਵਪਾਰ ਵੀ ਨਹੀਂ ਕਰ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨਹੀਂ, ਬਲਕਿ ਗੈਂਗਸਟਰ ਚਲਾ ਰਹੇ ਹਨ ਜਾਂ ਦਿੱਲੀ ਤੋਂ ਚਲ ਰਹੀ ਹੈ।
ਖਾਲਿਸਤਾਨੀ ਲੋਕਾਂ ਨੇ ਕੀਤਾ ਹਮਲਾ: ਦੂਜੇ ਪਾਸੇ, ਅੰਮ੍ਰਿਤਸਰ ਦਿਹਾਤੀ ਦੇ ਭਾਜਪਾ ਸਾਬਕਾ ਜ਼ਿਲ੍ਹਾ ਪ੍ਰਧਾਨ ਰਾਜੀਵ ਕੁਮਾਰ ਮਾਣਾ ਨੇ ਅੰਮ੍ਰਿਤਸਰ ਪੁਲਿਸ ਤਰੀਫ ਕੀਤੀ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਵਧੀਆਂ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਡੀਜੀਪੀ ਵੀ ਸ਼ਾਂਤੀ ਬਣਾਏ ਰੱਖਣ ਲਈ ਮੁਸਤੈਦੀ ਵਰਤਦੇ ਹਨ, ਪਰ ਕੁਝ ਸ਼ਰਾਰਤੀ ਅਨਸਰ, ਜੋ ਖਾਲਿਸਤਾਨੀ ਹਨ, ਉਹ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਅਸੀਂ ਆਰਐਸਐਸ ਦਾ ਦਫ਼ਤਰ ਚਲਾਉਂਦੇ ਹਾਂ, ਤਾਂ ਇਹ ਲੋਕ ਹਮੇਸ਼ਾ ਤੰਗ ਕਰਦੇ ਹਨ। ਉਨ੍ਹਾਂ ਨੇ ਦੱਸਿਆ ਕਿ ਸਾਡੇ ਭਾਜਪਾ ਨੇਤਾ ਬਲਵਿੰਦਰ ਸਿੰਘ ਉੱਤੇ ਉਨ੍ਹਾਂ ਦੇ ਘਰ ਵਿੱਚ ਪਹੁੰਚ ਕੇ ਹਮਲਾ ਕੀਤਾ ਗਿਆ। ਬਲਵਿੰਦਰ ਸਿੰਘ ਦੇ ਗੋਲੀ ਮਾਰੀ ਗਈ, ਜੋ ਕਿ ਜਬਾੜੇ ਤੋਂ ਹੋ ਕੇ ਬਾਹਰ ਨਿਕਲੀ। ਉਨ੍ਹਾਂ ਹਾਲਤ ਬਹੁਤ ਖਰਾਬ ਸੀ, ਜੋ ਕਿ ਹਸਪਤਾਲ ਵਿੱਚ ਦਾਖਲ ਹਨ।
ਮੁਲਜ਼ਮਾਂ ਨੇ ਘਰ ਦੇ ਬਾਹਰ ਕੀਤੀ ਫਾਇਰਿੰਗ: ਘਟਨਾ ਐਤਵਾਰ ਨੂੰ ਰਾਤ ਕਰੀਬ 9 ਵਜੇ ਵਾਪਰੀ। ਬਲਵਿੰਦਰ ਸਿੰਘ ਜੋਤੀਸਰ ਇਲਾਕੇ ਵਿੱਚ ਸਥਿਤ ਆਪਣੇ ਘਰ ਵਿੱਚ ਮੌਜੂਦ ਸੀ। ਉਦੋਂ ਬਾਈਕ 'ਤੇ ਦੋ ਅਣਪਛਾਤੇ ਨੌਜਵਾਨ ਆਏ। ਦੋਵਾਂ ਦੇ ਮੂੰਹ ਢਕੇ ਹੋਏ ਸਨ। ਉਨ੍ਹਾਂ ਨੇ ਬੇਟੀ ਨੂੰ ਆਵਾਜ਼ ਦਿੱਤੀ ਅਤੇ ਪਿਤਾ ਨੂੰ ਬੁਲਾਉਣ ਲਈ ਕਿਹਾ। ਬੇਟੀ ਨੇ ਬਲਵਿੰਦਰ ਸਿੰਘ ਨੂੰ ਆਵਾਜ਼ ਦਿੱਤੀ, ਤਾਂ ਉਹ ਬਾਹਰ ਆ ਗਿਆ। ਜਿਵੇਂ ਹੀ ਉਹ ਬਾਹਰ ਆਇਆ ਤਾਂ ਬਾਈਕ ਸਵਾਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਨਾਲ ਬਲਵਿੰਦਰ ਸਿੰਘ ਗੰਭੀਰ ਜਖ਼ਮੀ ਹੋ ਗਿਆ। ਹਾਲਾਂਕਿ, ਗੋਲੀ ਲੱਗਣ ਤੋਂ ਬਾਅਦ ਵੀ ਬਲਵਿੰਦਰ ਨੇ ਹਮਲਾਵਰਾਂ ਨਾਲ ਡਟ ਕੇ ਮੁਕਾਬਲਾ ਕੀਤਾ। ਫਿਲਹਾਲ ਉਹ ਕੇਡੀ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ।
ਅਧਿਕਾਰੀ ਨੇ ਕਿਹਾ- ਜਾਂਚ ਦਾ ਵਿਸ਼ਾ: ਪੁਲਿਸ ਅਧਿਕਾਰੀ ਇਕਬਾਲ ਸਿੰਘ ਨੇ ਦੱਸਿਆ ਕਿ ਇਹ ਸਭ ਜਾਂਚ ਦਾ ਵਿਸ਼ਾ ਹੈ। ਜੰਡਿਆਲਾ ਵਿੱਚ ਇਹ ਘਟਨਾ ਵਾਪਰੀ ਹੈ। ਭਾਜਪਾ ਦੇ ਲੀਡਰ ਬਲਵਿੰਦਰ ਸਿੰਘ ਗਿੱਲ ਨੂੰ ਗੋਲੀ ਲੱਗੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਬਾਰੇ ਜਾਂਚ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਜਦੋਂ ਕੋਈ ਜਾਣਕਾਰੀ ਸਾਹਮਣੇ ਆਉਂਦੀ ਹੈ, ਤਾਂ ਇਹ ਮੀਡੀਆਂ ਨਾਲ ਸਾਂਝੀ ਕੀਤੀ ਜਾਵੇਗੀ।
ਇਹ ਵੀ ਪੜ੍ਹੋ: Heroin Recovered in Gurdaspur: ਸਰਹੱਦੀ ਇਲਾਕੇ ਦੋਰਾਂਗਲਾ ਵਿੱਚ ਕਿਸਾਨ ਦੇ ਖੇਤਾਂ ਵਿੱਚੋਂ ਕਿਸਾਨ ਨੂੰ ਮਿਲੇ ਦੋ ਪੈਕਟ ਹੈਰੋਇਨ