ਅੰਮ੍ਰਿਤਸਰ: ਬਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਪਿੰਡਾਂ ਦੇ ਦੌਰੇ ਦੌਰਾਨ ਲੋਕਾਂ ਨੇ ਦੱਸਿਆ ਹੈ ਕਿ ਸਭ ਤੋਂ ਵੱਡੀ ਸਮੱਸਿਆ ਪਿੰਡ ਅਜਾਇਬਵਾਲੀ ਦੇ ਕੋਲ ਬਣਿਆ ਇਕ ਡਰੇਨ ਦਾ ਪੁਲ ਹੈ ਜੋ ਕਈ ਸਾਲਾਂ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਬਣਾਇਆ ਗਿਆ ਸੀ । ਲੋਕਾਂ ਨੇ ਦੱਸਿਆ ਕਿ ਅਕਾਲੀ ਦਲ ਦੀ ਸਰਕਾਰ ਤਂੋ ਬਾਅਦ ਕਾਂਗਰਸ ਦੀ ਸਰਕਾਰ ਆਈ ਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਕਰੀਬ ਡੇਢ ਸਾਲ ਦਾ ਸਮਾਂ ਹੋ ਚੁੱਕਾ ਹੈ ਪਰ ਪਿਛਲੇ ਦੋ ਢਾਈ ਸਾਲ ਤੋਂ ਇਹ ਪੁੱਲ ਟੁੱਟਿਆ ਹੋਇਆ ਹੈ ਅਤੇ ਇਸ ਟੁੱਟੇ ਪੁਲ ਕਾਰਨ ਕਈ ਹਾਦਸੇ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਟੁੱਟੇ ਪੁੱਲ ਦੀ ਅੱਜ ਤੱਕ ਕੋਈ ਰਿਪੇਅਰ ਨਹੀਂ ਹੋਈ ਹੈ । ਜਿਸ ਕਾਰਨ ਲੋਕਾਂ ਚ ਕਾਫੀ ਰੋਸ ਹੈ।
ਵਿਧਾਨ ਸਭਾ 'ਚ ਚੁੱਕਿਆ ਮੁੱਦਾ: ਉਨ੍ਹਾਂ ਦੱਸਿਆ ਕਿ ਬੀਤੇ ਸਮੇਂ ਦੌਰਾਨ ਵਿਧਾਇਕਾ ਬੀਬੀ ਗਨੀਵ ਕੌਰ ਵੱਲੋਂ ਲੋਕਾਂ ਦੀ ਇਸ ਪ੍ਰੇਸ਼ਾਨੀ ਨੂੰ ਵਿਧਾਨ ਸਭਾ ਵਿੱਚ ਚੁੱਕਿਆ ਗਿਆ ਸੀ ਪਰ ਹਾਲੇ ਤੱਕ ਆਪ ਸਰਕਾਰ ਲੋਕਾਂ ਦੀ ਇਸ ਸਮੱਸਿਆ ਦਾ ਹੱਲ ਨਹੀਂ ਕਰ ਸਕੀ ਹੈ।ਉਨ੍ਹਾਂ ਦੱਸਿਆ ਕਿ ਇਸ ਹਲਕੇ ਵਿੱਚ ਕਈ ਪ੍ਰਮੁੱਖ ਧਾਰਮਿਕ ਅਸਥਾਨ ਵੀ ਹਨ, ਜਿੱਥੇ ਜਾਂਦਿਆਂ ਇਨ੍ਹਾਂ ਟੁੱਟੀਆਂ ਸੜਕਾਂ ਤੇ ਸਫ਼ਰ ਕਰਦਿਆਂ ਸੰਗਤਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸਰਕਾਰ 'ਤੇ ਨਿਸ਼ਾਨੇ: ਇਸੇ ਦੌਰਾਨ ਉਹਨਾਂ ਵਿਕਾਸ ਦੇ ਮੁੱਦੇ 'ਤੇ ਪੰਜਾਬ ਦੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਸੜਕਾਂ ਦੀ ਮਿਆਦ ਸੱਤ ਸਾਲ ਹੁੰਦੀ ਹੈ ਅਤੇ ਸੱਤ ਸਾਲ ਬਾਅਦ ਸੜਕਾਂ ਦੀ ਮੁਰੰਮਤ ਕੀਤੀ ਜਾਂਦੀ ਹੈ ਪਰ ਇਥੇ ਮੁਰੰਮਤ ਨਾ ਹੁੰਦੀ ਦੇਖ ਸਮਝ ਸਕਦੇ ਹਾਂ ਕਿ ਸਰਕਾਰ ਦਾ ਵਿਕਾਸ ਵੱਲ ਧਿਆਨ ਹੀ ਨਹੀਂ ਹੈ। ਮਜੀਠੀਆ ਨੇ ਪਾਣੀਆਂ ਦੇ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਦੇ ਪਾਣੀਆਂ ਨੂੰ ਬਾਹਰ ਭੇਜਣ ਦੀ ਤਿਆਰੀ ਕਰੀ ਬੈਠੀ ਹੈ, ਉਹ ਅਜਿਹਾ ਹੋਣ ਨਹੀਂ ਦੇਣਗੇ। ਜੇਕਰ ਲੋੜ ਪਈ ਤਾਂ ਉਹ ਪੰਜਾਬ ਦੇ ਪਾਣੀਆਂ ਦੀ ਖਾਤਿਰ ਸੜਕਾਂ 'ਤੇ ਵੀ ਆਉਣ ਤੋਂ ਗ਼ੁਰੇਜ਼ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਪੰਜਾਬ ਦੇ ਕਿਸਾਨਾਂ ਦਾ ਹੱਕ ਉਹਨਾਂ ਤੋਂ ਕੋਈ ਨਹੀਂ ਖੋਹ ਸਕਦਾ।