ਅੰਮ੍ਰਿਤਸਰ: ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦਾ ਸਮਾਂ ਚੱਲ ਰਿਹਾ ਹੈ ਅਤੇ ਹਰੇਕ ਰਾਜਨੀਤਿਕ ਪਾਰਟੀ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਵਿੱਚ ਉਤਾਰੇ ਜਾ ਰਹੇ ਹਨ, ਇਸ ਦੌਰਾਨ ਸੰਭਾਵਿਤ ਉਮੀਦਵਾਰਾਂ ਨੂੰ ਪਾਰਟੀ ਵੱਲੋਂ ਟਿਕਟ ਨਾ ਮਿਲਣ 'ਤੇ ਸੰਭਾਵਿਤ ਉਮੀਦਵਾਰ ਨਾਰਾਜ਼ ਵੀ ਨਜ਼ਰ ਆ ਰਹੇ ਹਨ ਅਤੇ ਦੂਸਰੀਆਂ ਪਾਰਟੀਆਂ ਵਿਚ ਸ਼ਾਮਿਲ ਹੋਣ ਦਾ ਸਿਲਸਿਲਾ ਵੀ ਲਗਾਤਾਰ ਜਾਰੀ ਹੈ, ਜਿਸ ਦੇ ਚੱਲਦੇ ਮਜੀਠਾ ਹਲਕੇ ਵਿੱਚੋਂ ਕਾਂਗਰਸੀ ਦਿੱਗਜ ਨੇਤਾ ਪਰਦੀਪ ਸਿੰਘ ਭੁੱਲਰ ਆਪਣੇ ਸਾਥੀਆਂ ਨਾਲ ਪਿਛਲੇ ਦਿਨੀਂ ਭਾਜਪਾ ਵਿਚ ਸ਼ਾਮਿਲ ਹੋਏ ਸਨ।
ਇਸਦੇ ਨਾਲ ਹੀ ਭਾਜਪਾ ਵੱਲੋਂ ਵਿਧਾਨ ਸਭਾ ਹਲਕਾ ਮਜੀਠਾ ਤੋਂ ਪ੍ਰਦੀਪ ਸਿੰਘ ਭੁੱਲਰ ਦੀ ਉਮੀਦਵਾਰ ਦੀ ਟਿਕਟ ਵੀ ਅਨਾਊਂਸ ਕਰ ਦਿੱਤੀ ਸੀ ਅਤੇ ਭਾਜਪਾ ਨੇਤਾ ਤਰੁਣ ਚੁੱਘ ਖ਼ੁਦ ਮਜੀਠਾ ਹਲਕੇ ਉਨ੍ਹਾਂ ਦੇ ਘਰ ਆ ਕੇ ਪਰਦੀਪ ਸਿੰਘ ਭੁੱਲਰ ਨੂੰ ਉਮੀਦਵਾਰ ਦੀ ਟਿਕਟ ਨਾਲ ਨਿਵਾਜ ਕੇ ਗਏ।
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਜਪਾ ਨੇਤਾ ਤਰੁਣ ਚੁੱਘ ਨੇ ਕਿਹਾ ਕਿ ਬਿਕਰਮ ਸਿੰਘ ਮਜੀਠੀਆ ਵਿਧਾਨ ਸਭਾ ਹਲਕਾ ਮਜੀਠਾ ਅਤੇ ਵਿਧਾਨ ਸਭਾ ਹਲਕਾ ਪੂਰਬੀ ਤੋਂ ਲੜ ਰਹੇ ਹਨ। ਉਹਨਾਂ ਨੇ ਕਿਹਾ ਕਿ ਚੋਣਾਂ ਜਿਸਦਾ ਫ਼ਾਇਦਾ ਭਾਜਪਾ ਨੂੰ ਮਿਲਣ ਵਾਲਾ ਹੈ ਅਤੇ ਭਾਜਪਾ ਵੱਡੀ ਲੀਡ ਦੇ ਨਾਲ ਮਜੀਠਾ ਹਲਕੇ ਵਿਚੋਂ ਚੋਣਾਂ ਜਿੱਤਣ ਵਾਲੀ ਹੈ, ਇਸ ਦੇ ਨਾਲ ਹੀ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਜੋ ਨਵਜੋਤ ਸਿੰਘ ਸਿੱਧੂ ਦੀ ਭੈਣ ਵੱਲੋਂ ਉਨ੍ਹਾਂ 'ਤੇ ਇਲਜ਼ਾਮ ਲਗਾਏ ਜਾ ਰਹੇ ਹਨ, ਜਿਸ 'ਤੇ ਰਾਜਨੀਤੀ ਗਰਮਾਉਂਦੀ ਨਜ਼ਰ ਆ ਰਹੀ ਹੈ। ਉਹ ਸਿਰਫ਼ ਨਵਜੋਤ ਸਿੰਘ ਸਿੱਧੂ ਦੇ ਘਰ ਦਾ ਮਾਮਲਾ ਹੈ ਅਤੇ ਉਹ ਮਾਮਲਾ ਘਰ ਤੱਕ ਹੀ ਸੀਮਤ ਹੋਣਾ ਚਾਹੀਦਾ।
ਇਸ ਮੌਕੇ ਭਾਜਪਾ ਵਿਚ ਸ਼ਾਮਿਲ ਹੋਏ ਤੇ ਭਾਜਪਾ ਵੱਲੋਂ ਮਜੀਠਾ ਹਲਕੇ ਦੇ ਉਮੀਦਵਾਰ ਪ੍ਰਦੀਪ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ 30 ਸਾਲ ਤੋਂ ਵੱਧ ਦਾ ਸਮਾਂ ਕਾਂਗਰਸ ਪਾਰਟੀ ਵਿੱਚ ਬਿਤਾਇਆ ਹੈ ਅਤੇ ਕਾਂਗਰਸ ਲਈ ਸੇਵਾਵਾਂ ਦਿੱਤੀਆਂ ਹਨ। ਪਰ ਕਾਂਗਰਸ ਪਾਰਟੀ ਨੇ ਆਪਣੇ ਕਿਸੇ ਵੀ ਵਰਕਰ ਦਾ ਕਦੇ ਵੀ ਕੋਈ ਵੀ ਮੁੱਲ ਨਹੀਂ ਪਾਇਆ।
ਆਖ਼ਿਰ ਉਹ ਹੁਣ ਭਾਜਪਾ ਵਿਚ ਸ਼ਾਮਿਲ ਹੋਏ ਹਨ ਅਤੇ ਭਾਜਪਾ ਵੱਲੋਂ ਉਨ੍ਹਾਂ ਨੂੰ ਮਜੀਠਾ ਹਲਕੇ 'ਚ ਉਮੀਦਵਾਰ ਦੇ ਤੌਰ 'ਤੇ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਉਨ੍ਹਾਂ ਨੂੰ ਪੂਰੀ ਆਸ ਹੈ ਕਿ ਇਸ ਵਾਰ ਉਹ ਮਜੀਠਾ ਹਲਕੇ ਵਿੱਚੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਕੇ ਇਹ ਸੀਟ ਨਰਿੰਦਰ ਮੋਦੀ ਦੀ ਝੋਲੀ ਵਿਚ ਪਾਉਣਗੇ।
ਅੱਗੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੀ ਆਪ ਦੀ ਲੜਾਈ ਸਿਰਫ਼ ਮਹਿਮਾ ਨੂੰ ਲੈ ਕੇ ਹੀ ਹੈ, ਇਹ ਲੋਕਾਂ ਦੇ ਵਿਕਾਸ ਦੇ ਮੁੱਦਿਆਂ ਦੇ ਉੱਤੇ ਰਾਜਨੀਤੀ ਨਹੀਂ ਕਰ ਰਹੇ, ਸਗੋਂ ਆਪਸੀ ਰੰਜਿਸ਼ ਕੱਢ ਰਹੇ ਹਨ ਅਤੇ ਇਨ੍ਹਾਂ ਦੀ ਇਹ ਆਪਸੀ ਰੰਜਿਸ਼ ਦਾ ਭਾਜਪਾ ਨੂੰ ਪੂਰਾ ਫ਼ਾਇਦਾ ਮਿਲਣ ਵਾਲਾ ਹੈ।
ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਵਿਧਾਨ ਸਭਾ ਹਲਕਾ ਮਜੀਠਾ ਤੋਂ ਕਾਂਗਰਸੀ ਨੇਤਾ ਭਗਵੰਤਪਾਲ ਸਿੰਘ ਸੱਚਰ ਵੀ ਕਾਂਗਰਸ ਛੱਡ ਭਾਜਪਾ 'ਚ ਸ਼ਾਮਿਲ ਹੋਏ ਸੀ।
ਇਹ ਵੀ ਪੜ੍ਹੋ:ਕਾਂਗਰਸੀ ਉਮੀਦਵਾਰ ਖ਼ਿਲਾਫ਼ ਹਾਈ ਕੋਰਟ 'ਚ ਪਟੀਸ਼ਨ ਦਾਖਲ