ਅੰਮ੍ਰਿਤਸਰ: ਸ਼ਰਾਰਤੀ ਅਨਸਰਾਂ ਦੇ ਹੌਂਸਲੇ ਕਿਸ ਹੱਦ ਤੱਕ ਪੰਜਾਬ ਦੇ ਅੰਦਰ ਬੁਲੰਦ ਹਨ ਇਸ ਦੀ ਤਾਜ਼ਾ ਉਦਾਹਰਣ ਅੰਮ੍ਰਿਤਸਰ ਦੇ ਇਲਾਕੇ ਬਿਆਸ ਤੋਂ ਸਾਹਮਣੇ ਆਈ ਹੈ। ਇਲਾਕੇ ਦੀ ਦਿਹਾਤੀ ਪੁਲਿਸ ਨੇ ਅਜਿਹੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਾਨੂੰਨ ਨਾਲ ਖਿਲਵਾੜ ਕਰ ਰਹੇ ਸਨ। ਪੁਲਿਸ ਨੇ ਇੱਕ ਅਜਿਹੇ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਹੈ ਜੋ ਵੱਖ ਵੱਖ ਜਾਅਲੀ ਕਾਗਜਾਤ ਤਿਆਰ ਕਰਕੇ ਜਿੱਥੇ ਅਦਾਲਤ ਨੂੰ ਗੁੰਮਰਾਹ ਕਰਦੇ ਸਨ, ਉੱਥੇ ਹੀ ਮੁਲਜਮਾਂ ਨੂੰ ਅਦਾਲਤ ਵਿੱਚੋਂ ਜ਼ਮਾਨਤ ਦਿਵਾਉਣ ਲਈ ਕਥਿਤ ਤੌਰ ਉੱਤੇ ਖੁਦ ਹੀ ਨੰਬਰਦਾਰ ਅਤੇ ਖੁਦ ਹੀ ਜ਼ਮਾਨਤੀ ਬਣ ਜੱਜ ਮੂਹਰੇ ਖੜ ਜਾਂਦੇ ਸਨ।
ਜਾਅਲੀ ਆਧਾਰ ਕਾਰਡ: ਮਾਮਲੇ ਸਬੰਧੀ ਡੀ ਐੱਸ ਪੀ ਬਾਬਾ ਬਕਾਲਾ ਸਾਹਿਬ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਮੁਖਬਰ ਤੋਂ ਮਿਲੀ ਸੂਚਨਾ ਦੇ ਅਧਾਰ ਉੱਤੇ ਕਾਰਵਾਈ ਕਰਦਿਆਂ ਸਬ ਇੰਸਪੈਕਟਰ ਸਵਿੰਦਰ ਸਿੰਘ ਅਤੇ ਉਹਨਾਂ ਦੀ ਟੀਮ ਵੱਲੋਂ ਜਾਲਸਾਜ਼ੀ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਹੈ। ਜਿਸਦੀ ਮੁੱਢਲੀ ਪੁੱਛਗਿੱਛ ਦੌਰਾਨ ਕਥਿਤ ਮੁਲਜ਼ਮ ਤੋ ਜਾਅਲੀ ਆਧਾਰ ਕਾਰਡ ਅਤੇ ਹੋਰ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀਆਂ ਵੱਲੋਂ ਜਾਲੀ ਕਾਗਜਾਤ ਦੇ ਆਧਾਰ ਉੱਤੇ ਕਥਿਤ ਮੁਲਜ਼ਮਾਂ ਨੂੰ ਅਦਾਲਤ ਤੋਂ ਜ਼ਮਾਨਤ ਦਿਵਾਉਣ ਵਿੱਚ ਮਦਦ ਕੀਤੀ ਜਾਂਦੀ ਸੀ।
ਰਿਕਵਰ ਹੋਈਆਂ ਗੱਡੀਆਂ: ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀਆਂ ਨੇ ਰਲ ਕੇ ਇੱਕ ਗਿਰੋਹ ਬਣਾਇਆ ਹੋਇਆ ਹੈ । ਜੋ ਜਾਅਲੀ ਦਸਤਾਵੇਜ ਤਿਆਰ ਕਰਕੇ ਜਾਅਲੀ ਵਿਅਕਤੀ ਖੜ੍ਹੇ ਕਰਕੇ ਜਾਅਲੀ ਦਸਤਾਵੇਜ਼ ਪੇਸ਼ ਕਰਕੇ ਅਦਾਲਤ ਵਿੱਚ ਚਲ ਰਹੇ ਮੁੱਕਦਮੇ ਅਤੇ ਰਿਕਵਰ ਹੋਈਆਂ ਗੱਡੀਆਂ ਦੀਆਂ ਝੂਠੀਆ ਸਪੁਰਦਾਰੀਆਂ ਤਿਆਰ ਕਰਕੇ ਰਲੀਜ਼ ਕਰਵਾਉਂਦੇ ਹਨ। ਉਹਨਾਂ ਕਿਹਾ ਕਿ ਇਹ ਵੀ ਪਤਾ ਚੱਲਿਆ ਹੈ ਕਿ ਇਹਨਾਂ ਵਿਅਕਤੀਆਂ ਨੇ ਪਹਿਲਾ ਵੀ ਜਾਅਲੀ ਦਸਤਵੇਜ਼ ਤਿਆਰ ਕਰਕੇ ਅਤੇ ਗਲਤ ਵਿਅਕਤੀ ਖੜੇ ਕਰਕੇ ਫਾਰਚੂਨਰ ਗੱਡੀ ਦੀ ਜਮਾਨਤ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਮੁਲਜ਼ਮ ਦੀ ਪਛਾਣ ਜੋਬਨਜੀਤ ਸਿੰਘ ਪੁੱਤਰ ਗੁਰਦਿੱਤ ਸਿੰਘ ਵਾਸੀ ਜੋਧਾ ਨਗਰੀ ਥਾਣਾ ਤਰਸਿੱਕਾ ਅਤੇ ਸੁਰਜੀਤ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਜੋਧਾ ਨਗਰੀ ਥਾਣਾ ਤਰਸਿੱਕਾ ਅਤੇ ਸਰਬਜੀਤ ਸਿੰਘ ਉਰਫ ਸ਼ੰਬੂ ਪੁੱਤਰ ਸੁਰਜੀਤ ਸਿੰਘ ਵਾਸੀ ਛੇਹਰਾਟਾ ਜਿਲ੍ਹਾ ਅੰਮ੍ਰਿਤਸਰ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਕਈ ਥਾਣਿਆਂ ਵਿੱਚ ਮੁੱਕਦਮੇ ਦਰਜ ਹਨ।