ਅੰਮ੍ਰਿਤਸਰ: ਹਲਕਾ ਮਜੀਠਾ ਦੇ ਪਿੰਡ ਨੰਗਲ ਪਨੂੰਆਂ ਵਿੱਚ ਇੱਕ ਪਰਿਵਾਰ ਅਜਿਹਾ ਹੈ, ਜੋ ਬੇਹਦ ਹੀ ਮਾੜੇ ਹਾਲਾਤਾਂ ਵਿੱਚ ਰਹਿਣ ਲਈ ਮਜ਼ਬੂਰ ਹੈ। ਇਨ੍ਹਾਂ ਕੋਲ ਰਹਿਣ ਨੂੰ ਛੱਤ ਨਾ ਹੋਣ ਕਾਰਨ ਉਹ ਭਰ ਗਰਮੀ ਅਤੇ ਤਿੱਖੀ ਧੁੱਪ ਵਿੱਚ ਖੁੱਲ੍ਹੇ ਆਸਮਾਨ ਹੇਠ ਸੌਣ ਨੂੰ ਮਜਬੂਰ ਹਨ। ਏਥੇ ਹੀ ਬੱਸ ਨਹੀਂ ਟੁੱਟੇ ਮੰਜੇ ਦੇ ਪਾਵੇ ਹੇਠ ਲੱਕੜਾਂ ਅਤੇ ਇਸ ਖ਼ਸਤਾ ਹਾਲਤ ਕਮਰੇ ਵਿੱਚ ਮੋਰੇ ਭਰਨ ਲਈ ਸਿਰਫ਼ ਲਿਫਾਫੇ ਹੀ ਲੱਗੇ ਨਜ਼ਰ ਆ ਰਹੇ ਹਨ।
ਮਾਂ-ਪਿਓ ਮਰੀਜ਼, ਬੱਚਿਆਂ ਦੀ ਪੜਾਈ ਵੀ ਨਹੀਂ ਹੋ ਪਾ ਰਹੀ: ਪਰਿਵਾਰ ਦੀ ਹਾਲਤ ਦੀ ਜੇਕਰ ਗੱਲ ਕਰੀਏ, ਤਾਂ ਚੂਲ੍ਹਾ ਟੁੱਟੇ ਹੋਣ ਦੇ ਬਾਵਜੂਦ ਇਸ ਪਰਿਵਾਰ ਦਾ ਮੁਖੀ ਸਵੇਰੇ 7 ਵਜੇ ਰਿਕਸ਼ਾ ਚਲਾਉਣ ਲਈ ਨਿਕਲਦਾ ਹੈ ਅਤੇ ਦੇਰ ਰਾਤ ਰੋਟੀ ਟੁੱਕ ਦਾ ਜੁਗਾੜ ਕਰ ਵਾਪਿਸ ਘਰ ਪਰਤਦਾ ਹੈ। ਦੂਜੇ ਪਾਸੇ, ਇਨ੍ਹਾਂ ਦੋਹਾਂ ਬੱਚਿਆਂ ਦੀ ਮਾਂ ਦਿਲ ਦੀ ਮਰੀਜ਼ ਹੋਣ ਕਾਰਨ ਮੰਜੇ ਉੱਤੇ ਰਹਿੰਦੀ ਹੈ ਅਤੇ ਇਕ ਛੋਟੀ ਜਿਹੀ ਧੀ ਆਪਣੀ ਮਾਂ ਸਮੇਤ ਪੂਰੇ ਘਰ ਨੂੰ ਸਾਂਭਦੀ ਹੈ। ਪਰਿਵਾਰ ਦੇ ਮੁਖੀ ਮਨਜੀਤ ਸਿੰਘ ਨੇ ਦੱਸਿਆ ਕਿ ਇੰਨ੍ਹੇ ਪੈਸੇ ਨਹੀਂ ਹਨ ਕਿ ਬੱਚਿਆਂ ਨੂੰ ਪੜ੍ਹਾ ਸਕੀਏ, ਜਿਸ ਕਾਰਨ ਦੋਨੋਂ ਬੱਚੇ ਘਰ ਵਿੱਚ ਹੀ ਰਹਿੰਦੇ ਹਨ।
ਘਰ ਦੀ ਛੱਤ ਕਿਸੇ ਵੀ ਵੇਲ੍ਹੇ ਢਹਿ ਸਕਦੀ: ਮਨਜੀਤ ਸਿੰਘ ਨੇ ਦੱਸਿਆ ਕਿ ਕਾਫੀ ਸਾਲ ਤੋਂ ਉਨ੍ਹਾਂ ਦੇ ਘਰ ਦੀ ਛੱਤ ਟੁੱਟੀ ਹੋਈ ਹੈ, ਉਸ ਵਿੱਚ ਪਾਏ ਬਾਲੇ ਨਿਕਲ ਜਾਣ ਕਾਰਨ ਉਹ ਡਰ ਦੇ ਸਾਏ ਹੇਠ ਜੀ ਰਹੇ ਹਨ ਅਤੇ ਕਿਸੇ ਵੀ ਵੇਲ੍ਹੇ ਇਹ ਛੱਤ ਡਿੱਗ ਸਕਦੀ ਹੈ। ਮਨਜੀਤ ਸਿੰਘ ਨੇ ਦੱਸਿਆ ਕਿ ਡਰਦੇ ਹੋਏ ਉਹ ਹੁਣ ਕਮਰੇ ਵਿੱਚ ਸੌਣ ਦੀ ਬਜਾਏ ਦਿਨ ਅਤੇ ਰਾਤ ਵਿਹੜੇ ਵਿੱਚ ਗੁਜ਼ਾਰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕਮਰੇ ਦੀਆਂ ਕੰਧਾਂ ਵੀ ਇੰਨੀਆਂ ਕਮਜੋਰ ਹੋ ਚੁੱਕੀਆਂ ਹਨ ਕਿ ਥਾਂ ਥਾਂ ਬਣੀਆਂ ਦਰਜਾਂ ਨੂੰ ਭਰਨ ਲਈ ਉਸ ਵਿੱਚ ਲਿਫ਼ਾਫ਼ੇ ਲਗਾਏ ਗਏ ਹਨ ਅਤੇ ਛੱਤ ਵਿੱਚ ਪਾੜ ਪੈਣ ਕਾਰਨ ਉੱਥੇ ਤਰਪਾਲ ਲਗਾਈ ਗਈ ਹੈ।
ਧੀ ਅਠਵੀਂ ਤੋਂ ਅੱਗੇ ਜਾਰੀ ਕਰਨਾ ਚਾਹੁੰਦੀ ਪੜ੍ਹਾਈ: ਇਸ ਦੇ ਨਾਲ ਹੀ, ਪਰਿਵਾਰ ਦੀ ਬੱਚੀ ਦਾ ਕਹਿਣਾ ਹੈ ਕਿ ਛੱਤ ਡਿੱਗਣ ਦਾ ਡਰ ਹੋਣ ਕਾਰਨ ਉਹ ਕਮਰੇ ਵਿੱਚ ਨਹੀਂ ਸੌਂਦੇ ਅਤੇ ਉਹ ਪੜ੍ਹ ਲਿਖ ਕੇ ਵੱਡੀ ਹੋ ਕੇ ਡਾਕਟਰ ਬਣਨਾ ਚਾਹੁੰਦੀ ਹੈ, ਪਰ ਘਰ ਦੀਆਂ ਮਜ਼ਬੂਰੀਆਂ ਨੇ ਉਸ ਦੇ ਅਰਮਾਨ ਦਫ਼ਨ ਕਰ ਦਿੱਤੇ ਹਨ। ਉਹ ਅਠਵੀਂ ਤੋਂ ਬਾਅਦ ਅੱਗੇ ਨਹੀਂ ਪੜ੍ਹ ਪਾ ਰਹੀ ਹੈ। ਉਸ ਨੂੰ ਆਸ ਹੈ ਕਿ ਜਲਦ ਹੀ ਕੋਈ ਅਜਿਹਾ ਦਾਨੀ ਵੀਰ ਆਵੇਗਾ, ਜੋ ਉਨ੍ਹਾਂ ਦੀ ਮਦਦ ਕਰੇਗਾ।
ਪਿੰਡ ਵਾਸੀਆਂ ਨੇ ਲਈ ਮਦਦ ਦੀ ਗੁਹਾਰ: ਪਿੰਡ ਵਾਸੀ ਗੁਰਚਰਨ ਸਿੰਘ ਅਤੇ ਜੋਰਾਵਰ ਸਿੰਘ ਨੇ ਦੱਸਿਆ ਕਿ ਪਰਿਵਾਰ ਦੀ ਅਜਿਹੀ ਬਦਤਰ ਹਾਲਤ ਹੈ ਕਿ ਬਿਆਨ ਕਰਦਿਆਂ ਰੋਣਾ ਆਉਂਦਾ ਹੈ। ਉਨ੍ਹਾਂ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਦੇਸ਼ ਆਜਾਦੀ ਮਨਾ ਰਿਹਾ ਹੈ ਅਤੇ 75 ਸਾਲਾਂ ਦਰਮਿਆਨ ਜਿਸ ਦੇਸ਼ ਵਿੱਚ ਹਾਲੇ ਤਕ ਗਲੀਆਂ ਨਾਲੀਆਂ ਹੀ ਬਣੀ ਜਾ ਰਹੀਆਂ ਹਨ, ਉਸ ਦੇਸ਼ ਦੀਆਂ ਸਰਕਾਰਾਂ ਇਨ੍ਹਾਂ ਗਰੀਬਾਂ ਦੀ ਛੱਤ ਕਿੱਥੋਂ ਪਾ ਦੇਣਗੀਆਂ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਲੋਕ 100 ਰੁਪਏ ਦੀ ਵੀ ਮਦਦ ਕਰਨ, ਤਾਂ ਇਸ ਵਿਅਕਤੀ ਦੀ ਛੱਤ ਅਤੇ ਦੀਵਾਰਾਂ ਪੱਕੀਆਂ ਬਣ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰਾਂ ਲਈ ਚਾਹੇ ਇਕ ਗਰੀਬ ਨੂੰ ਛੱਤ ਪਾ ਕੇ ਦੇਣਾ ਵੱਡੀ ਮੁਸ਼ਕਿਲ ਹੋ ਸਕਦੀ, ਪਰ ਜੇਕਰ ਲੋਕ ਚਾਹੁਣ ਤਾਂ ਇੱਕ ਲੋੜਵੰਦ ਪਰਿਵਾਰ ਨੂੰ ਛੱਤ ਅਤੇ ਬੱਚਿਆਂ ਨੂੰ ਸਕੂਲੀ ਸਿੱਖਿਆ ਮਿਲ ਸਕਦੀ ਹੈ।