ਚੰਡੀਗੜ੍ਹ: ਸੰਵਿਧਾਨ ਨਿਰਮਾਤਾ ਡਾ. ਬੀ ਆਰ ਅੰਬੇਦਕਰ ਸਾਹਿਬ ਦੇ 14 ਅਪ੍ਰੈਲ ਨੂੰ ਆਉਣ ਵਾਲੇ ਜਨਮ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਉਪਰਾਲਾ ਕਰਦਿਆਂ ਦੁਆਬੇ ਦੇ ਇੱਕ ਸ਼ਹਿਰ ਵਿੱਚ ਬਹੁ ਕਰੋੜੀ ਇਮਾਰਤ ਤਿਆਰ ਕਰਨ ਦਾ ਐਲਾਨ ਕੀਤਾ ਗਿਆ ਹੈ।
ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵਲੋ ਆਪਣੇ 50 ਸਾਲਾਂ ਗੋਲਡਨ ਜੁਬਲੀ ਸਮਾਗਮਾਂ ਦੀ ਲੜੀ ਵਿੱਚ 4 ਜ਼ਿਿਲ੍ਹਆਂ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ ਅਤੇ ਕਪੂਰਥਲਾ ਦਾ ਸਮਾਗਮ ਡਾ: ਅੰਬੇਦਕਰ ਭਵਨ ਨਜ਼ਦੀਕ ਬੱਸ ਸਟੈਡ ਅੰਮ੍ਰਿਤਸਰ ਵਿਖੇ ਕਰਵਾਇਆ ਗਿਆ। ਜਿਸ ਵਿਚ ਕੈਬਿਨਟ ਰੈਂਕ ਚੇਅਰਮੈਨ, ਪੰਜਾਬ ਵੇਅਰ ਹਾਊਸਿੰਗ ਕਾਰਪੋਰੇਸ਼ਨ ਡਾ. ਰਾਜ ਕੁਮਾਰ ਵੇਰਕਾ ਮੁੱਖ ਮਹਿਮਾਨ ਵਜੋ ਪੁੱਜੇ। ਸਮਾਗਮ ਦੌਰਾਨ ਸੰਬੋਧਨ ਕਰਦਿਆਂ ਡਾ ਵੇਰਕਾ ਨੇ ਕਿਹਾ ਕਿ ਪੰਜਾਬ ਸਰਕਾਰ ਅਨੁਸੂਚਿਤ ਜਾਤੀਆਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਪੰਜਾਬ ਸਰਕਾਰ ਵਲੋਂ ਡਾ ਬੀ.ਆਰ ਅੰਬੇਦਕਰ ਜੀ ਦੇ ਨਾਮ ਤੇ ਸਕਾਲਰਸ਼ਿਪ ਸਕੀਮ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਦੀ ਭਲਾਈ ਲਈ ਸ਼ੁਰੂ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਅਹਿਮ ਫੈਸਲਾ ਲੈਂਦਿਆਂ ਬਾਬਾ ਸਾਹਿਬ ਦੀ ਯਾਦ ਵਿੱਚ ਕਪੂਰਥਲਾ ਵਿਖੇ 120 ਕਰੋੜ ਰੁਪਏ ਦੀ ਲਾਗਤ ਨਾਲ ਯਾਦਗਾਰ ਬਣਾਈ ਜਾਵੇਗੀ ਅਤੇ ਬਾਬਾ ਸਾਹਿਬ ਦੇ ਨਾਮ ਤੇ ਯੂਨੀਵਰਸਿਟੀ, ਕਾਲਜ ਅਤੇ ਗੁੂਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਇੱਕ ਚੇਅਰ ਵੀ ਸਥਾਪਤ ਕੀਤੀ ਜਾਵੇਗੀ।
ਦੱਸਣਯੋਗ ਹੈ ਕਿ ਬਾਬਾ ਸਾਹਬ ਦੇ ਜਨਮ ਦਿਹਾੜੇ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵਲੋਂ ਕੀਤੇ ਗਏ ਇਸ ਵੱਡੇ ਐਲਾਨ ਤੋਂ ਬਾਅਦ ਜਿੱਥੇ ਲੋਕਾਂ ਵਿੱਚ ਭਾਰੀ ਖੁਸ਼ੀ ਦੀ ਲਹਿਰ ਹੈ, ਉੱਥੇ ਭਗਵਾਨ ਵਾਲਮੀਕ ਸੰਘਰਸ਼ ਦਲ ਵਾਈਸ ਚੇਅਰਮੈਨ ਪਾਖਰ ਸਿੰਘ ਬਰਾੜ ਅਤੇ ਮਾਝਾ ਜੋਨ ਦੇ ਮੀਤ ਪ੍ਰਧਾਨ ਜਸਬੀਰ ਸਿੰਘ ਬੁੱਢਾ ਥੇਹ ਵਲੋਂ ਇਸ ਨੂੰ ਸਰਕਾਰ ਦਾ ਇੱਕ ਚੰਗਾ ਉਪਰਾਲਾ ਦੱਸਿਆ ਹੈ।
ਇਹ ਵੀ ਪੜ੍ਹੋ: ‘ਕੈਪਟਨ ਨੇ ਬਾਦਲ ਪਰਿਵਾਰ ਨੂੰ ਬਚਾਉਣ ਲਈ ਰਿਪੋਰਟ ਕਰਵਾਈ ਖਾਰਜ’