ਅੰਮ੍ਰਿਤਸਰ: ਪੰਥ ਰਤਨ ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੇ ਕਾਰ ਸੇਵਾ ਰਾਹੀਂ ਵੱਖ-ਵੱਖ ਤਰ੍ਹਾਂ ਦੀਆਂ ਬਿਲਡਿੰਗਾਂ ਦੀ ਉਸਾਰੀ ਸਿੱਖ ਪੰਥ ਲਈ ਕੀਤੀ। ਉਨ੍ਹਾਂ ਦੇ ਜੱਥੇ ਨੇ ਬਾਬਾ ਮਹਿੰਦਰ ਸਿੰਘ ਤੇ ਬਾਬਾ ਬਚਨ ਸਿੰਘ ਦੀ ਯੋਗ ਅਗਵਾਈ ਹੇਠ ਸੰਗਤ ਦੀ ਮਦਦ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਵੇਂ ਗਠੜੀ ਘਰ ਦਾ ਲੈਂਟਰ ਪਾਇਆ।


ਗਠੜੀ ਘਰ ਦੇ ਲੈਂਟਰ ਲਈ ਸੰਗਤ ਨੇ ਚਾਅ ਤੇ ਉਤਸ਼ਾਹ ਨਾਲ ਸੇਵਾ ਕੀਤੀ। ਬਾਬਾ ਮਹਿੰਦਰ ਸਿੰਘ ਨੇ ਦੱਸਿਆ ਕਿ ਕਾਰ ਸੇਵਾ ਦੀ ਸ਼ੁਰੂਆਤ ਬਾਬਾ ਗੁਰਮੁੱਖ ਸਿੰਘ ਤੋਂ ਹੋਈ। ਉਨ੍ਹਾਂ ਦੇ ਜੱਥੇ 'ਚੋਂ ਬਾਬਾ ਜੀਵਨ ਸਿੰਘ ਤੇ ਬਾਬਾ ਦੀਪ ਸਿੰਘ ਨੇ ਗੋਦਾਵਰੀ ਦੇ ਬੰਨ੍ਹ ਦੀ ਸੇਵਾ ਕਰਵਾਈ।
ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਨੇ ਗੁਰੂ ਅਰਜਨ ਨਿਵਾਸ, ਗੁਰਦੁਆਰਾ ਸੰਤੋਖਸਰ, ਛੇਹਰਟਾ ਸਾਹਿਬ, ਬੱਲੇ ਬੇਰ ਕੀ, ਦਮਦਮਾ ਸਾਹਿਬ, ਗੁਰੂ ਕੀ ਵਡਾਲੀ,ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੰਗਰ ਹਾਲ ਦੀ ਸੇਵਾ ਤੇ ਹੁਣ ਗਠੜੀ ਘਰ ਦੀ ਸੇਵਾ ਕਰਵਾਈ ਹੈ। ਗਠੜੀ ਘਰ ਦੀ ਸੇਵਾ ਕਰਨ ਲਈ ਜੰਮੂ ਕਸ਼ਮੀਰ, ਦਿੱਲੀ, ਯੂ.ਪੀ, ਬਿਹਾਰ,ਰਾਜਸਥਾਨ, ਹਰਿਆਣਾ ਅਤੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਸੰਗਤ ਪਹੁੰਚੀ। ਇਸ ਤੋਂ ਇਲਾਵਾ ਕਾਰ ਸੇਵਾ ਦਿੱਲੀ ਵਾਲਿਆਂ ਦੇ ਜਥਿਆਂ ਵੱਲੋਂ ਵੱਖ ਵੱਖ ਸੂਬਿਆਂ ਵਿੱਚ ਕਾਰ ਸੇਵਾਵਾਂ ਚੱਲ ਰਹੀਆਂ ਹਨ।
