ਅੰਮ੍ਰਿਤਸਰ: ਅਪਣੇ ਚੰਗੇ ਭੱਵਿਖ ਦੀ ਸੁਪਨੇ ਸਜਾ ਕੇ ਵਿਦੇਸ਼ ਜਾ ਰਹੇ ਨੌਜਵਾਨਾਂ ਲਈ ਉਹ ਧਰਤੀ ਸ਼ਰਾਪ ਸਾਬਿਤ ਹੁੰਦੀ ਜਾ ਰਹੀ ਹੈ। ਵਿਦੇਸ਼ੀ ਧਰਤੀ ਆਏ ਦਿਨ ਪੰਜਾਬੀ ਨੌਜਵਾਨਾਂ ਨਿਗਲ ਰਹੀ ਹੈ। ਕਈ ਮਾਵਾਂ ਦੇ ਪੁੱਤ ਤੇ ਭੈਣਾਂ ਦੇ ਭਰਾ ਅਤੇ ਕਈ ਬੱਚਿਆਂ ਦੇ ਸਿਰਾਂ ਤੋਂ ਪਿਓ ਦਾ ਸਾਇਆ ਉੱਠ ਚੁੱਕਾ ਹੈ। ਅਜਿਹੇ ਵਿੱਚ ਇਕ ਹੋਰ ਨੌਜਵਾਨ ਦੀ ਜਾਨ ਚਲੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਨੌਜਵਾਨ ਬਾਬਾ ਬਕਾਲਾ ਸਾਹਿਬ ਦੇ ਪਿੰਡ ਪੱਲ੍ਹਾ ਨਿਵਾਸੀ ਬਾਬਿਆਂ ਦੇ ਪਰਿਵਾਰ ਨਾਲ ਸਬੰਧਤ ਹੈ।
ਪੁਰਤਗਾਲ ਗਿਆ ਸੀ ਨੌਜਵਾਨ: ਨੌਜਵਾਨ ਕੁਲਦੀਪ ਸਿੰਘ ਪੁਰਤਗਾਲ ਗਿਆ ਹੋਇਆ ਸੀ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਅਧਿਆਪਿਕ ਹਰਿੰਦਰ ਸਿੰਘ ਪੱਲ੍ਹਾ ਅਤੇ ਹਰਪ੍ਰੀਤ ਸਿੰਘ ਦਫੇਦਾਰ ਨੇ ਦੱਸਿਆ ਕਿ ਕੁਲਦੀਪ ਸਿੰਘ ਸਾਲ 2022 ਵਿੱਚ ਪੁਰਤਗਾਲ ਗਿਆ ਸੀ ਜਿੱਥੇ ਉਸ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਕੁਲਦੀਪ ਦੀ ਮੌਤ ਤੋਂ ਬਾਅਦ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋਇਆ ਹੈ ਕੁਲਦੀਪ ਸਿੰਘ ਦੀ ਮ੍ਰਿਤਕ ਦੇਹ ਦਿੱਲੀ ਏਅਰਪੋਰਟ ਤੱਕ ਪੁੱਜਣ ਉਪਰੰਤ ਦੇਰ ਰਾਤ ਤੱਕ ਪਿੰਡ ਪੁੱਜਣ ਉੱਤੇ ਅੱਜ 25 ਸਤੰਬਰ ਨੂੰ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।
ਨੌਜਵਾਨ ਰੁਜ਼ਗਾਰ ਲੱਭਣ ਜਾਂਦੇ ਵਿਦੇਸ਼: ਮ੍ਰਿਤਕ ਨੌਜਵਾਨ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਇੱਥੇ ਸਰਕਾਰੀ ਨੌਕਰੀਆਂ ਵੀ ਨਹੀਂ ਹਨ, ਨਾ ਹੀ ਰੁਜ਼ਗਾਰ ਹੈ, ਜਿਸ ਕਾਰਨ ਨੌਜਵਾਨਾਂ ਨੂੰ ਵਿਦੇਸ਼ ਜਾਣਾ ਪੈਂਦਾ ਹੈ। ਫਿਰ ਬੱਚਿਆਂ ਨਾਲ ਉੱਥੇ ਅਜਿਹਾ ਭਾਣਾ ਵਾਪਰ ਜਾਂਦਾ ਹੈ ਅਤੇ ਸਦਾ ਲਈ ਘਰ ਦਾ ਮੈਂਬਰ ਗੁਆ ਲੈਂਦੇ ਹਾਂ। ਇਸ ਸਮੇਂ ਪਰਿਵਾਰ ਬਹੁਤ ਦੁੱਖ ਪੀੜਾ ਵਿੱਚ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰਾਂ ਇੱਥੇ ਹੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ, ਤਾਂ ਨੌਜਵਾਨਾਂ ਨੂੰ ਵਿਦੇਸ਼ ਜਾਣ ਦੀ ਲੋੜ ਹੈ। ਇਸ ਤੋਂ ਪਹਿਲਾਂ ਵੀ ਕਈ ਨੌਜਵਾਨਾਂ ਦੀ ਵਿਦੇਸ਼ ਵਿੱਚ ਮੌਤ ਹੋ ਚੁੱਕੀ ਹੈ। ਕੋਈ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਜ਼ਿਆਦਾਤਰ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਚੁੱਕੀ ਹੈ।