ਅੰਮ੍ਰਿਤਸਰ: ਅੱਜ ਪੁਲਿਸ ਪ੍ਰਸ਼ਾਸਨ ਵਿੱਚ ਉਸ ਸਮੇਂ ਅਫਰਾ ਤਫਰੀ ਮਚ ਗਈ, ਜਦੋਂ ਅੱਜ ਇੱਕ ਕੈਦੀ ਨੂੰ ਮੈਡੀਕਲ ਕਰਵਾਉਣ ਲਈ ਲਿਆਂਦਾ ਗਿਆ, ਤਾਂ ਕੈਦੀ ਵਲੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਉਸ ਦੌਰਾਨ ਮੈਡੀਕਲ ਕਰਵਉਣ ਲਈ ਨਾਲ ਆਏ ਏਐਸਆਈ ਪਰਮਜੀਤ ਸਿੰਘ ਦੀ ਹਾਰਟ ਅਟੈਕ ਆਉਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਏਐਸਆਈ ਵਲੋਂ ਕੈਦੀ ਨੂੰ ਫੜ੍ਹਨ ਲਈ ਉਸ ਦਾ ਭੱਜਦੇ ਹੋਏ ਪਿੱਛਾ ਕੀਤਾ ਜਾ ਰਿਹਾ ਸੀ ਕਿ ਉਸ ਨੂੰ ਦਿਲ ਦਾ ਦੌਰਾ ਪੈ ਗਿਆ।
ਕੈਦੀ ਦਾ ਮੈਡੀਕਲ ਕਰਵਾਉਣ ਆਇਆ ਸੀ ਏਐਸਆਈ: ਉੱਥੇ ਹੀ, ਇਸ ਸਬੰਧੀ ਥਾਣਾ ਡਿਵੀਜ਼ਨ ਦੇ ਐਸਐਚਓ ਰਾਜਵਿੰਦਰ ਕੌਰ ਨੇ ਦੱਸਿਆ ਕਿ ਜਿਸ ਪੁਲਿਸ ਮੁਲਾਜ਼ਮ ਦੀ ਮੌਤ ਹੋਈ ਹੈ, ਉਹ ਓਨ ਡਿਊਟੀ ਉੱਤੇ ਸੀ। ਉਹ ਇੱਕ ਕੈਦੀ ਦਾ ਮੈਡੀਕਲ ਕਰਵਾਉਣ ਲਈ ਇੱਥੇ ਹਸਪਤਾਲ ਆਏ ਸੀ। ਪੁਲਿਸ ਮੁਲਾਜ਼ਮ ਦੀ ਪਛਾਣ ਪਰਮਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ, ਜੋ ਕਿ ਏਐਸਆਈ ਦੇ ਰੈਂਕ ਉੱਤੇ ਤੈਨਾਤ ਸੀ। ਫਿਲਹਾਲ ਹੁਣ ਏਐਸਆਈ ਪਰਮਜੀਤ ਸਿੰਘ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਡਿਊਟੀ ਦੌਰਾਨ ਸਾਡੇ ਮੁਲਾਜ਼ਮ ਦੀ ਮੌਤ ਹੋਈ, ਇਸ ਦੇ ਤਹਿਤ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਮੈਡੀਕਲ ਅਧਿਕਾਰੀ ਨੇ ਦੱਸਿਆ ਕਿ ਸਾਡੇ ਕੋਲ ਪੁਲਿਸ ਅਧਿਕਾਰੀ ਪਰਮਜੀਤ ਸਿੰਘ ਕੈਦੀ ਦਾ ਮੈਡੀਕਲ ਕਰਵਾਉਣ ਨੂੰ ਲੈ ਕੇ ਆਏ ਸੀ। ਅਚਾਨਕ ਉਨ੍ਹਾਂ ਨੂੰ ਹਾਰਟ ਅਟੈਕ ਆ ਗਿਆ ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਹਾਲਾਂਕਿ, ਉਸ ਮੌਕੇ ਉੱਤੇ ਮੌਜੂਦ ਹੋਰ ਪੁਲਿਸ ਮੁਲਾਜ਼ਮਾਂ ਨੇ ਭੱਜਣ ਦੀ ਕੋਸ਼ਿਸ਼ ਕਰ ਰਹੇ ਕੈਦੀ ਨੂੰ ਫੜ੍ਹ ਲਿਆ ਅਤੇ ਮੁੜ ਗ੍ਰਿਫਤਾਰ ਕੀਤਾ। ਦੱਸਣਯੋਗ ਹੈ ਕੀ ਇਹ ਪਹਿਲਾ ਮਾਮਲਾ ਨਹੀਂ ਹੈ ਕਿ ਕੋਈ ਪੁਲਿਸ ਕਰਮਚਾਰੀ ਦੀ ਕਸਟਡੀ ਚੋਂ ਮੁਲਜ਼ਮ ਜਾਂ ਕੈਦੀ ਪੇਸ਼ੀ ਦੌਰਾਨ ਭੱਜਣ ਵਿੱਚ ਕਾਮਯਾਬ ਰਿਹਾ ਹੋਵੇ। ਇਸ ਤੋਂ ਪਹਿਲਾਂ ਵੀ ਕਈ ਵਾਰ ਜੇਲ ਚੋਂ ਆਏ ਕੈਦੀ ਪੁਲਿਸ ਵਾਲਿਆਂ ਨੂੰ ਚਕਮਾ ਦੇ ਕੇ ਫ਼ਰਾਰ ਹੋਣ ਦੀ ਕੋਸ਼ਿਸ਼ ਕਰਦੇ ਹਨ, ਪਰ ਅੱਜ ਜਦੋਂ ਕੈਦੀ ਵੱਲੋਂ ਇਹ ਕੋਸ਼ਿਸ਼ ਕੀਤੀ ਗਈ, ਤਾਂ ਪੁਲਿਸ ਮੁਲਾਜ਼ਮ ਵੱਲੋਂ ਪਿੱਛੇ ਕਰਦੇ ਦੌਰਾਨ ਉਸ ਦੀ ਅਚਾਨਕ ਹੋਈ ਮੌਤ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਉੱਤੇ ਵੀ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ ਹਨ।