ਅੰਮ੍ਰਿਤਸਰ: ਆਪਣੇ ਕਾਰਨਾਮਿਆਂ ਕਾਰਨ ਅਕਸਰ ਚਰਚਾ ਵਿੱਚ ਰਹਿਣ ਵਾਲੀ ਪੰਜਾਬ ਪੁਲਿਸ ਇੱਕ ਵਾਰ ਮੁੜ ਉਦੋਂ ਸੁਰਖੀਆਂ ਵਿੱਚ ਆ ਗਈ, ਜਦੋਂ ਸ਼ਰਾਬ ਦੇ ਨਸ਼ੇ ਵਿੱਚ ਚੂਰ ਪੁਲਿਸ ਚੌਕੀ ਗੁਮਟਾਲਾ ਦਾ ਇੰਚਾਰਜ ਅਤੇ ਰਾਤ ਦੀ ਡਿਊਟੀ ਦੇ ਰਹੇ ਦੋ ਹੋਮਗਾਰਡ ਜਵਾਨ ਆਪਸ 'ਚ ਭਿੜ ਗਏ ਅਤੇ ਗੱਲ ਹੱਥੋਪਾਈ ਤੱਕ ਪੁੱਜਦੀ ਖੂਨੀ ਰੂਪ ਧਾਰਨ ਕਰ ਗਈ।
ਥਾਣਾ ਮੁਖੀ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਚੌਕੀ ਗੁਮਟਾਲਾ ਵਿਖੇ ਤੈਨਾਤ ਏਐਸਆਈ ਵਿਜੇ ਕੁਮਾਰ, ਜੋ ਰਾਤ ਦੇ ਨਾਕੇ 'ਤੇ ਡਿਊਟੀ ਉਪਰ ਸਨ। ਇਸ ਨਾਲ ਦੋ ਹੋਮ ਗਾਰਡ ਦੇ ਜਵਾਨ ਮਨੋਜ ਕੁਮਾਰ ਤੇ ਅਜੀਤ ਸਿੰਘ ਵੀ ਡਿਊਟੀ 'ਤੇ ਸਨ।
ਥਾਣਾ ਮੁਖੀ ਨੇ ਦੱਸਿਆ ਕਿ ਵਿਜੇ ਕੁਮਾਰ ਤੇ ਹੋਮਗਾਰਡ ਦੇ ਜਵਾਨਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਤੂੰ-ਤੂੰ-ਮੈਂ-ਮੈਂ ਹੋਈ ਅਤੇ ਬਾਅਦ ਵਿੱਚ ਇਹ ਆਪਸ ਵਿੱਚ ਭਿੜ ਗਏ। ਝੜਪ ਦੌਰਾਨ ਇਨ੍ਹਾਂ ਇੱਕ-ਦੂਜੇ ਦੀਆਂ ਵਰਦੀਆਂ ਫਾੜ ਦਿੱਤੀਆਂ ਅਤੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ।
ਸੂਚਨਾ ਮਿਲਣ 'ਤੇ ਉਹ ਤੁਰੰਤ ਮੌਕੇ ਉਪਰ ਪੁੱਜੇ। ਉਨ੍ਹਾਂ ਦੱਸਿਆ ਏਐਸਆਈ ਵਿਜੇ ਕੁਮਾਰ ਦੀ ਸਿਵਲ ਹਸਪਤਾਲ ਵਿਖੇ ਸ਼ਰਾਬ ਪੀਣ ਦੀ ਪੁਸ਼ਟੀ ਹੋਈ ਹੈ, ਜਿਸ ਨੂੰ ਲਾਈਨ ਹਾਜ਼ਰ ਕੀਤਾ ਗਿਆ ਹੈ।
ਇਸ ਮੌਕੇ ਰਣਜੀਤ ਸਿੰਘ ਥਾਣਾ ਮੁਖੀ ਦਾ ਕਹਿਣਾ ਹੈ ਕਿ ਇਸ ਬਾਰੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ, ਜੋ ਵੀ ਪੁਲਿਸ ਵਿਭਾਗ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।