ਚੰਡੀਗੜ੍ਹ: ਅਰਵਿੰਦ ਕੇਜਰੀਵਾਲ ਨੇ ਨਵਜੋਤ ਸਿੰਘ ਸਿੱਧੂ ਦੀ ਸ਼ਲਾਘਾ ਕੀਤੀ ਹੈ। ਪੰਜਾਬ ਦੀ ਰਾਜਨੀਤੀ ਵਿੱਚ ਇਹ ਸ਼ਲਾਘਾ ਵਖਰੇ ਮਾਇਨੇ ਰੱਖੇਗੀ, ਹਾਲਾਂਕਿ ਅਜੇ ਕੋਈ ਅਜਿਹਾ ਵੱਡਾ ਸੰਕੇਤ ਨਹੀਂ ਮਿਲਿਆ ਹੈ ਪਰ ਕੇਜਰੀਵਾਲ ਇਹ ਗੱਲ ਵੀ ਕਹਿ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਮੁੱਖ ਮੰਤਰੀ ਦਾ ਚਿਹਰਾ ਤੈਅ ਕਰ ਲਿਆ ਹੈ ਤੇ ਛੇਤੀ ਹੀ ਐਲਾਨ ਵੀ ਕਰ ਦਿੱਤਾ ਜਾਵੇਗਾ। ਕੇਜਰੀਵਾਲ ਨੇ ਕਿਹਾ ਨਵਜੋਤ ਸਿੰਘ ਸਿੱਧੂ ਜਨਤਕ ਮੁੱਦੇ ਉਠਾਉਂਦੇ ਹਨ ਪਰ ਪਹਿਲਾਂ ਕੈਪਟਨ ਕੰਮ ਨਹੀਂ ਕਰਨ ਦਿੰਦੇ ਸਨ, ਹੁਣ ਚੰਨੀ ਨਹੀਂ ਕਰਨ ਦੇ ਰਹੇ।
ਦਿੱਲੀ ਦੀ ਤਰਜ਼ ’ਤੇ ਬਣੇਗੀ ਤਬਾਦਲਾ ਨੀਤੀ
ਕੇਜਰੀਵਾਲ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀ ਸਰਕਾਰ ਆਈ ਤਾਂ ਜਾਂਚ ਕੀਤੀ ਜਾਵੇਗੀ ਕਿ ਖਜ਼ਾਨਾ ਕਿਵੇਂ ਖਾਲੀ ਹੋਇਆ। ਉਨ੍ਹਾਂ ਮੁਲਾਜਮਾਂ ਲਈ ਐਲਾਨ ਕਰਦਿਆਂ ਕਿਹਾ ਕਿ ਤਬਾਦਲਾ ਨੀਤੀ ਦਿੱਲੀ ਦੀ ਤਰਜ਼ 'ਤੇ ਬਣਾਈ ਜਾਵੇਗੀ। ਕੇਜਰੀਵਾਲ ਨੇ ਇਹ ਵੀ ਕਿਹਾ ਕਿ ਪੰਜਾਬ ਵਿੱਚ ਹਰੇਕ ਅਧਿਆਪਕ ਪੱਕਾ ਕੀਤਾ ਜਾਵੇਗਾ ਤੇ ਅਧਿਆਪਕ ਕੇਵਲ ਪੜ੍ਹਾਏਗਾ ਤੇ ਉਸ ਤੋਂ ਹੋਰ ਕੋਈ ਕੰਮ ਨਹੀਂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਸਿਖਲਾਈ ਲਈ ਵਿਦੇਸ਼ ਭੇਜਿਆ ਜਾਵੇਗਾ ਤੇ ਪੰਜਾਬ ਦੇ ਅਧਿਆਪਕ ਵੀ ਇਸੇ ਤਰ੍ਹਾਂ ਤਿਆਰ ਹੋਣਗੇ।
ਮੁਲਾਜ਼ਮਾਂ ਲਈ ਕੈਸ਼ ਲੈਸ਼ ਬੀਮਾ
ਉਨ੍ਹਾਂ ਆਪਣੀ ਪ੍ਰੈਸ ਕਾਨਫਰੰਸ ਵਿੱਚ ਮੁੱਖ ਤੌਰ ’ਤੇ ਅਧਿਆਪਕਾਂ ਬਾਰੇ ਹੀ ਜੋਰ ਦਿੱਤਾ ਤੇ ਕਿਹਾ ਕਿ ਤਰੱਕੀ ਲਈ ਸਮਾਂ ਹੱਦ ਬਦਲੀ ਜਾਵੇਗੀ ਤੇ, ਹਰ ਕਿਸੇ ਨੂੰ ਤਰੱਕੀ ਮਿਲੇਗੀ। ਉਨ੍ਹਾਂ ਕਿਹਾ ਕਿ ਸਾਰੇ ਅਧਿਆਪਕਾਂ ਦੇ ਪਰਿਵਾਰਾਂ ਨੂੰ ਕੈਸ਼ਲੈਸ਼ ਮੈਡੀਕਲ ਬੀਮਾ (Cashless medi claim) ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਕੇਜਰੀਵਾਲ ਦੀ ਗਾਰੰਟੀ ਹੈ ਕਿ ਸਾਰੇ ਅਧਿਆਪਕਾਂ ਪੱਕੇ ਹੋਣਗੇ। ਉਨ੍ਹਾਂ ਅਧਿਾਪਕਾਂ ਲਈ ਉਕਤ ਐਲਾਨ ਕਰਦਿਆਂ ਕਿਹਾ ਕਿ ਅਸੀਂ ਦਿੱਲੀ ਨਹੀਂ ਸੁਧਾਰੀ ਸਗੋਂ ਦਿੱਲੀ ਦਾ ਸੁਧਾਰ ਅਧਿਆਪਕਾਂ ਨੇ ਕੀਤਾ। ਉਨ੍ਹਾਂ ਕਿਹਾ ਪੰਜਾਬ ਵਿੱਚ ਅਧਿਆਪਕ ਨੂੰ ਘੱਟ ਤਨਖਾਹ ਮਿਲ ਰਹੀ ਹੈ ਤੇ ਜੇਕਰ ਕੋਈ ਇੱਕ ਮਹੀਨਾ ਕੰਮ ਕਰੇ ਤਾਂ ਦਿੱਲੀ ਵਿੱਚ 15000 ਮਿਲਦਾ ਹੈ।
ਕਾਂਗਰਸ ਦੇ 25 ਵਿਧਾਇਕ ਸੰਪਰਕ ਵਿੱਚ
ਇਥੇ ਮੀਡੀਆ ਦੇ ਸੁਆਲਾਂ ਦਾ ਜਵਾਬ ਦਿਂਦਿਆਂ ਹੈਰਾਨੀਜਨਕ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਉਹ ਪਾਰਟੀ ਬਦਲਣ ਦੀ ਰਾਜਨੀਤੀ ਨਹੀਂ ਕਰਦੇ ਜੇਕਰ ਅਜਿਹਾ ਹੁੰਦਾ ਤਾਂ ਅੱਜ ਸ਼ਾਮ ਤੱਕ ਹੀ ਪੰਜਾਬ ਦੇ 25 ਕਾਂਗਰਸੀ ਵਿਧਾਇਕਾਂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰ ਲਵਾਂ। ਉਨ੍ਹਾਂ ਕਿਹਾ ਕਿ ਅਨੇਕ ਕਾਂਗਰਸੀ ਵਿਧਾਇਕ ਆਮ ਆਦਮੀ ਪਾਰਟੀ ਦੇ ਸੰਪਰਕ ਵਿੱਚ ਹਨ ਪਰ ਉਹ ਕਾਂਗਰਸ ਦਾ ‘ਕੂੜਾ’ ਇਕੱਠਾ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਇੱਕ ਦੋ ਵਿਧਾਇਕ ਹੀ ਗਏ ਹਨ ਪਰ ਕਾਂਗਰਸ ਦੇ ਅਨੇਕ ਵਿਧਾਇਕ ਉਨ੍ਹਾਂ ਦੇ ਸੰਪਰਕ ਵਿੱਚ ਹਨ। ਉਨ੍ਹਾਂ ਇਹ ਵੀ ਕਿਹਾ ਕਿ ਦੋ ਸੰਸਦ ਮੈਂਬਰ ਵੀ ਆਮ ਆਦਮੀ ਪਾਰਟੀ ਦੇ ਸੰਪਰਕ ਵਿੱਚ ਹਨ।
ਮੁੱਖ ਮੰਤਰੀ ਦੇ ਚਿਹਰੇ ’ਤੇ ਫੇਰ ਟਾਲਾ ਵੱਟਿਆ
ਪੰਜਾਬ ਵਿੱਚ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਕੌਣ ਹੋਵੇਗਾ, ਇਸ ਵਾਰੇ ਅਰਵਿੰਦ ਕੇਜਰੀਵਾਲ ਫੇਰ ਗੱਲ ਘੁਮਾ ਗਏ। ਉਨ੍ਹਾਂ ਕਿਹਾ ਕਿ ਪਿਛਲੀ ਵਾਰ ਕਾਂਗਰਸ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਤੋਂ ਠੀਕ ਇੱਕ ਹਫਤਾ ਪਹਿਲਾਂ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਸੀ। ਇਸ ਵਾਰ ਵੀ ਅਜੇ ਤੱਕ ਕਾਂਗਰਸ ਨੇ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਹੈ ਤੇ ਨਾ ਹੀ ਭਾਜਪਾ ਨੇ ਯੂਪੀ ਵਿੱਚ ਤੇ ਗੋਆ ਵਿੱਚ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ ਹੈ। ਹਾਲਾਂਕਿ ਕੇਜਰੀਵਾਲ ਨੇ ਕਿਹਾ ਕਿ ਉਹ ਹੋਰ ਪਾਰਟੀਆਂ ਤੋਂ ਪਹਿਲਾਂ ਹੀ ਮੁੱਖ ਮੰਤਰੀ ਦੇ ਉਮੀਦਵਾਰ ਦਾ ਨਾਮ ਜਨਤਕ ਕਰਨਗੇ। ਕੇਜਰੀਵਾਲ ਨੇ ਇਹ ਵੀ ਸਪਸ਼ਟ ਕਰ ਦਿੱਤਾ ਕਿ ਉਹ ਮੁੱਖ ਮੰਤਰੀ ਦਾ ਚਿਹਰਾ ਨਹੀਂ ਹੋਣਗੇ।
ਚੰਨੀ ਆਮ ਆਦਮੀ ਹੋ ਸਕਦੈ ਪਰ ਮੈਨੂੰ ਕੰਮ ਕਰਨੇ ਆਉਂਦੇ-ਕੇਜਰੀਵਾਲ
‘ਆਪ’ ਕਨਵੀਨਰ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਆਪ ਨੂੰ ਆਮ ਆਦਮੀ ਦੱਸਦੇ ਹਨ ਤੇ ਕਾਫੀ ਕੁਝ ਅਜਿਹਾ ਕਰਦੇ ਹਨ, ਜਿਹੜਾ ਇੱਕ ਆਮ ਆਦਮੀ ਕਰਦਾ ਹੈ। ਕੇਜਰੀਵਾਲ ਨੇ ਕਿਹਾ ਕਿ ਮੈਨੂੰ ਸਕੂਲ ਬਣਾਉਣੇ ਆਉਂਦੇ ਹਨ ਤੇ ਮੁਹੱਲਾ ਕਲੀਨਿਕ ਬਣਾਉਣੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਆਮ ਲੋਕਾਂ ਲਈ ਕੰਮ ਕਰਾਂਗਾ।
ਇਹ ਵੀ ਪੜ੍ਹੋ:ਹਾਈਕਰੋਟ ਵੱਲੋਂ ਪੰਜਾਬ ਸਰਕਾਰ ਅਤੇ ਟਰਾਂਸਪਰੋਟ ਮੰਤਰੀ ਨੂੰ ਨੋਟਿਸ ਜਾਰੀ, ਜਾਣੋ ਮਾਮਲਾ