ਅੰਮ੍ਰਿਤਸਰ: ਹਜ਼ੂਰ ਸਾਹਿਬ ਤੋਂ ਆਈ ਸੰਗਤ ਨੂੰ ਇਕਾਂਤਵਾਸ ਲਈ ਸਿੱਖ ਵਿਰੋਧੀ ਡੇਰਿਆਂ ਵਿੱਚ ਠਹਿਰਾਇਆ ਗਿਆ, ਜਿਸ ਉੱਪਰ ਕਾਫ਼ੀ ਸਿੱਖ ਆਗੂਆਂ ਨੇ ਇਤਰਾਜ਼ ਜਤਾਇਆ ਹੈ।
ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਿਹਾ ਕਿ ਪੀੜਤ ਵਿਅਕਤੀ ਲਈ ਸਰੀਰ ਦੇ ਨਾਲ-ਨਾਲ ਮਾਨਸਿਕ ਤੌਰ 'ਤੇ ਮਜ਼ਬੂਤ ਹੋਣਾ ਵੀ ਜ਼ਰੂਰੀ ਹੈ, ਜੇ ਸ਼ਰਧਾਲੂਆਂ ਦਾ ਉੱਥੇ ਰਹਿਣ ਦਾ ਮਨ ਨਹੀਂ ਤਾਂ ਫਿਰ ਪੰਜਾਬ ਸਰਕਾਰ ਨੇ ਜ਼ਬਰਦਸਤੀ ਉਨ੍ਹਾਂ ਨੂੰ ਡੇਰਿਆਂ 'ਚ ਕਿਉਂ ਠਹਿਰਾਇਆ?
ਜਥੇਦਾਰ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਲੋੜ ਪੈਣ 'ਤੇ ਸਰਾਵਾਂ ਵਰਤਣ ਲਈ ਕਿਹਾ ਸੀ, ਫਿਰ ਕਿਉਂ ਕੋਤਾਹੀ ਕੀਤੀ ਗਈ? ਉਨ੍ਹਾਂ ਨਾਲ ਹੀ ਕਿਹਾ ਕਿ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵਾਂਗ ਪੂਰੇ ਪੰਜਾਬ ਵਿੱਚ ਕੋਰੋਨਾ ਪੀੜਤਾਂ ਦੇ ਲਈ ਜ਼ਰੂਰੀ ਸਾਰੀਆਂ ਵਸਤਾਂ ਦੇ ਪ੍ਰਬੰਧ ਕੀਤੇ ਜਾਣਗੇ।
ਪੰਜਾਬੀ ਗਾਇਕ ਡਾ. ਸਤਿੰਦਰ ਸਰਤਾਜ ਵੱਲੋਂ ਗਾਏ ਗਏ ਜ਼ਫਰਨਾਮੇ ਦੀ ਸ਼ਿਕਾਇਤ ਦੇ ਸਵਾਲ ਦੇ ਜਵਾਬ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕੋਲ ਮਾਮਲਾ ਆਇਆ ਹੈ, ਅਜੇ ਵਿਚਾਰ ਅਧੀਨ ਹੈ ਪਰ ਕੋਈ ਕੋਈ ਵੱਡੀ ਗੱਲ ਨਹੀਂ।
ਜ਼ਿਕਰਯੋਗ ਹੈ ਕਿ ਗਾਇਕ ਸਤਿੰਦਰ ਸਰਤਾਜ ਵੱਲੋਂ ਗਾਏ ਜ਼ਫ਼ਰਨਾਮੇ ਵਿੱਚ ਗਲਤੀਆਂ ਨੂੰ ਲੈ ਕੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਅਜੈਬ ਸਿੰਘ ਅਭਿਆਸੀ ਅਤੇ ਸਿੱਖ ਵਿਦਿਆਰਥੀ ਜਥੇਬੰਦੀ ਦੇ ਸਾਬਕਾ ਆਗੂ ਪ੍ਰੋਫੈਸਰ ਸਰਚਾਂਦ ਸਿੰਘ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਿਕਾਇਤ ਕੀਤੀ ਗਈ ਸੀ।