ਅੰਮ੍ਰਿਤਸਰ: ਪਿਛਲੇ ਸਾਲ ਦੁਸਹਿਰੇ ਵਾਲੇ ਦਿਨ ਹੋਏ ਭਿਆਨਕ ਦਰਦਨਾਕ ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲੇ ਅੱਜ ਵੀ ਇਨਸਾਫ਼ ਦੀ ਉਡੀਕ ਵਿੱਚ ਦਰ ਦਰ ਠੋਕਰਾਂ ਖਾਣ ਲਈ ਮਜਬੂਰ ਹਨ।
ਰੇਲ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰ ਵਾਲੇ ਅੱਜ ਵੀ ਆਪਣੇ ਨਾਲ ਸਰਕਾਰ ਵੱਲੋਂ ਕੀਤੇ ਵਾਅਦੇ ਵਫਾ ਨਾ ਹੋਣ ਕਾਰਨ ਇਕ ਵਾਰ ਫਿਰ ਧਰਨੇ 'ਤੇ ਬੈਠ ਗਏ ਹਨ ਤੇ ਸਰਕਾਰ ਖਿਲਾਫ਼ ਉਨ੍ਹਾਂ ਨਾਲ ਕੀਤ ਵਾਅਦੇ ਪੂਰੇ ਨਾ ਹੋਣ ਕਾਰਨ ਗੁੱਸੇ ਵਿੱਚ ਹਨ।
ਸੰਦੀਪ ਕੌਰ ਜਿਸ ਨੇ ਰੇਲ ਹਾਦਸੇ ਵਿੱਚ ਆਪਣੇ 2 ਮਾਸੂਮ ਬੱਚੇ ਤੇ ਆਪਣੇ ਪਿਤਾ ਨੂੰ ਗਵਾ ਦਿੱਤਾ ,ਅੱਜ ਵੀ ਉਹ ਦਰਦ ਉਸ ਦੇ ਮਨ ਵਿੱਚ ਜਿਓ ਦਾ ਤਿਉਂ ਹੈ। ਇਥੇ ਹੀ ਬਸ ਨਹੀਂ, ਬੱਚਿਆਂ ਤੇ ਪਿਤਾ ਦੀ ਮੌਤ ਤੋ ਬਾਅਦ ਉਸ ਦਾ ਪਤੀ ਵੀ ਉਸ ਨੂੰ ਛੱਡ ਕੇ ਚਲਾ ਗਿਆ ਹੁਣ ਸੰਦੀਪ ਕੌਰ ਇਕੱਲਿਆਂ ਹੀ ਆਪਣਾ ਬੜੀ ਮੁਸ਼ਕਿਲ ਨਾਲ ਜੀਵਨ ਬਸਰ ਕਰ ਰਹੀ ਹੈ।
ਅਜਿਹਾ ਹੀ ਕੁਝ ਹਾਲ ਰਾਜੇਸ਼ ਕੁਮਾਰ ਦਾ ਹੈ ਜਿਸ ਦੇ ਪਿਤਾ ਦਾ ਰੇਲ ਹਾਦਸੇ ਵਿੱਚ ਚੂਲਾ ਟੁੱਟ ਗਿਆ ਸੀ ਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਜਦ ਰਾਜੇਸ਼ ਕੁਮਾਰ ਮੁਆਵਜ਼ਾ ਲੈਣ ਲਈ ਸਰਕਾਰ ਕੋਲ ਗਿਆ ਤਾਂ ਪਤਾ ਲੱਗਾ ਕਿ ਉਸ ਦੇ ਪਿਤਾ ਦਾ ਨਾਂਅ ਜ਼ਖਮੀਆਂ ਦੀ ਸੂਚੀ ਵਿੱਚ ਨਹੀ ਸੀ ਤੇ ਨਾ ਹੀ ਮ੍ਰਿਤਕਾ ਦੀ ਸ਼੍ਰੇਣੀ ਵਿੱਚ। ਹੁਣ ਤੱਕ ਰਾਜੇਸ਼ ਕੁਮਾਰ ਆਪਣੇ ਪਿਤਾ ਦਾ ਨਾਂ ਹਾਦਸਾ ਪੀੜਤਾਂ ਵਿੱਚ ਦਰਜ ਕਰਵਾਉਣ ਲਈ ਦਰ-ਦਰ ਭਟਕ ਰਿਹਾ ਹੈ ਪਰ ਸਿਵਾਏ ਨਿਰਾਸ਼ਾ ਦੇ ਉਸ ਦੇ ਹੱਥ ਖਾਲੀ ਦੇ ਖਾਲੀ ਹਨ।
ਇਹ ਵੀ ਪੜੋ: ਦਿੱਲੀ: ਅਨਾਜ ਮੰਡੀ ਦੀ ਉਸੇ ਇਮਾਰਤ 'ਚ ਫਿਰ ਲੱਗੀ ਅੱਗ, ਜਿੱਥੇ ਕੱਲ੍ਹ ਗਈਆਂ ਸਨ 43 ਜਾਨਾਂ
ਇਨ੍ਹਾਂ ਪੀੜਤਾਂ ਦੇ ਪਰਿਵਾਰਾਂ ਦੀ ਮੰਗ ਹੈ ਕਿ ਸਰਕਾਰ ਵੱਲੋਂ ਉਨ੍ਹਾਂ ਨਾਲ ਕੀਤਾ ਇਕ ਵੀ ਵਾਆਦਾ ਅਜੇ ਤੱਕ ਪੂਰਾ ਨਹੀਂ ਹੋਇਆ ਨਾ ਤਾਂ ਕਿਸੇ ਨੂੰ ਕੋਈ ਨੌਕਰੀ ਮਿਲੀ ਤੇ ਨਾ ਹੀ ਕਿਸੇ ਨੂੰ ਕੋਈ ਹੋਰ ਮਾਲੀ ਮਦਦ। ਇਨ੍ਹਾਂ ਦਾ ਕਹਿਣਾ ਹੈ ਕਿ ਜਦ ਤੱਕ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਜਾ ਫਿਰ ਪੰਜਾਬ ਸਰਕਾਰ ਦੇ ਮੰਤਰੀ ਓ ਪੀ ਸੋਨੀ ਉਨ੍ਹਾਂ ਨੂੰ ਲਿਖਤੀ ਭਰੋਸਾ ਨਹੀਂ ਦਿੰਦੇ ਤਦ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।