ਅੰਮ੍ਰਿਤਸਰ: ਪੁਲਿਸ ਵੱਲੋਂ ਥਾਣਾ ਸੁਲਤਾਨ ਵਿੰਡ ਵਿੱਚ ਕੁੱਝ ਦਿਨ ਪਹਿਲਾਂ ਇੱਕ ਗਤਕਾ ਖਿਡਾਰੀ ਹਰਬੰਸ ਸਿੰਘ ਦੇ ਹੋਏ ਕਤਲ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਗੱਲਬਾਤ ਦੌਰਾਨ ਪੁਲਿਸ ਨੇ ਦੱਸਿਆ ਕਿ 19 ਦਸੰਬਰ ਨੂੰ ਹਰਬੰਸ ਸਿੰਘ ਨਾਂਅ ਦੇ ਵਿਅਕਤੀ ਦਾ ਬੜੀ ਹੀ ਬੁਰੀ ਤਰਾਂ ਕਤਲ ਹੋਇਆ ਸੀ। ਇਹ ਕੇਸ ਥਾਣਾ ਸੁਲਤਾਨ ਵਿੰਡ ਵਿੱਚ ਦਰਜ ਸੀ ਅਤੇ ਐਤਵਾਰ ਨੂੰ ਉਸ ਕਤਲ ਦੇ ਅਸਲੀ ਦੋਸ਼ੀਆਂ ਨੂੰ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਹੈ।
ਪੁਲਿਸ ਵੱਲੋਂ ਹਰਬੰਸ ਸਿੰਘ ਦੇ ਕਾਤਲਾਂ ਨੂੰ ਬਠਿੰਡਾ ਦੀ ਇੱਕ ਸਰਾਂ ਤੋਂ ਕਾਬੂ ਕਰਕੇ ਅੰਮ੍ਰਿਤਸਰ ਲਿਆਂਦਾ ਗਿਆ। ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਦੋਵਾਂ ਨੂੰ ਕਤਲ ਕਰਨ ਲਈ ਪਿਸਟਲ ਦੀ ਜ਼ਰੂਰਤ ਸੀ ਜਿਸ ਦੇ ਚੱਲਦਿਆਂ ਜੇਲ ਦੇ ਇੱਕ ਸਾਥੀ ਰਾਹੀਂ ਇਹ ਦੋਵੇਂ ਹਰਬੰਸ ਸਿੰਘ ਦੇ ਸੰਪਰਕ ਵਿੱਚ ਆਏ। ਹਰਬੰਸ ਸਿੰਘ ਨੇ ਇਨ੍ਹਾਂ ਤੋਂ 20 ਹਜ਼ਾਰ ਰੁਪਏ ਲੈਕੇ ਇਨ੍ਹਾਂ ਨੂੰ ਪਿਸਟਲ ਦੇਣੀ ਸੀ। ਪਰ ਇਨ੍ਹਾਂ ਕੋਲੋਂ ਗਲਤੀ ਨਾਲ 6 ਹਜ਼ਾਰ ਰੁਪਏ ਕਿਸੇ ਗਲਤ ਖਾਤੇ ਵਿੱਚ ਚਲੇ ਗਏ।
ਦੋਵਾਂ ਪਿਉ-ਪੁੱਤਰਾਂ ਨੇ ਜਦ ਆਪਣੇ ਪੈਸੇ ਮੰਗੇ ਤਾਂ ਹਰਬੰਸ ਸਿੰਘ ਨੇ ਇਨਕਾਰ ਕਰ ਦਿੱਤਾ। ਇਸ ਮਗਰੋਂ ਗੁੱਸੇ ਵਿੱਚ ਆਕੇ ਦੋਵਾਂ ਪਿਉ-ਪੁੱਤਰਾਂ ਨੇ ਗੁੱਸੇ ਵਿੱਚ 18 ਦਸੰਬਰ ਦੀ ਰਾਤ ਨੂੰ ਤੇਜ਼ ਹਥਿਆਰਾਂ ਨਾਲ ਹਰਬੰਸ ਸਿੰਘ ਦਾ ਕਤਲ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਦੋਵਾਂ ਪਿਉ-ਪੁੱਤਰਾਂ 'ਤੇ ਪਹਿਲਾਂ ਹੀ 5 ਮਾਮਲੇ ਦਰਜ ਹਨ ਅਤੇ ਇੱਕ ਕਤਲ ਵਿੱਚ ਇਹ ਦੋਵੇਂ ਭਗੌੜੇ ਵੀ ਸਨ। ਇਸ ਤੋਂ ਪਹਿਲਾਂ ਇਨ੍ਹਾਂ ਦੋਵਾਂ ਨੇ ਸਾਲ 2013 ਵਿੱਚ ਆਪਣੇ ਪਿੰਡ ਦੇ ਇੱਕ ਵਿਅਕਤੀ ਦਾ ਬੁਰੀ ਤਰ੍ਹਾਂ ਕਤਲ ਕਰਕੇ ਉਸਨੂੰ ਸਾੜ ਦਿੱਤਾ ਸੀ।
ਪੁਲਿਸ ਦਾ ਕਹਿਣਾ ਸੀ ਕਿ ਇਸ ਵਾਰਦਾਤ ਮਗਰੋਂ ਇਨ੍ਹਾਂ ਜਿੱਥੇ ਵੀ ਪਨਾਹ ਲਈ ਹੈ ਉਨ੍ਹਾਂ ਵਿਅਕਤੀਆਂ ਖਿਲਾਫ਼ ਵੀ 212 ਤੇ 216 ਦਾ ਚਲਾਣ ਕੀਤਾ ਜਾਵੇਗਾ ਅਤੇ ਫੜੇ ਗਏ ਦੋਸ਼ੀਆਂ ਦੀ ਰਿਮਾਂਡ ਹਾਸਿਲ ਕਰਕੇ ਇਨ੍ਹਾਂ ਤੋਂ ਹੋਰ ਪੁਛਗਿੱਛ ਕੀਤੀ ਜਾਵੇਗੀ।