ਅੰਮ੍ਰਿਤਸਰ: ਪੰਜਾਬ ਦੀ ਆਪਣੀ ਹੀ ਇੱਕ ਵਿਲੱਖਣ ਪਛਾਣ ਹੈ। ਇਸੇ ਪਛਾਣ ਨੂੰ ਹੋਰ ਵੀ ਖਾਸ ਬਣਾਉਂਦਾ ਹੈ ਇੱਥੋਂ ਦਾ ਸੱਭਿਆਚਾਰ, ਰੀਤੀ-ਰਿਵਾਜ਼, ਬੋਲੀ, ਪਹਿਰਾਵਾ ਅਤੇ ਹਾਰ-ਸ਼ਿੰਗਾਰ। ਵੈਸੇ ਤਾਂ ਪੰਜਾਬ ਦੀ ਹਰ ਇੱਕ ਚੀਜ਼ ਦੀ ਆਪਣੀ ਹੀ ਅਲੱਗ ਖਾਸੀਅਤ ਹੈ , ਜੇਕਰ ਪੰਜਾਬ ਦੀਆਂ ਮੁਟਿਆਰਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਹੁਸਨ ਦਾ ਪੂਰੀ ਦੁਨੀਆ 'ਚ ਕੋਈ ਮੁਕਾਬਲਾ ਨਹੀਂ, ਪਰ ਫਿਰ ਵੀ ਮੁਟਿਆਰਾਂ ਦੇ ਹੁਸਨ ਨੂੰ ਹੋਰ ਵੀ ਚਾਰ ਚੰਨ ਪੰਜਾਬੀ ਪਹਿਰਾਵਾ ਲਗਾ ਦਿੰਦਾ ਹੈ। ਇਸੇ 'ਚ ਇੱਕ ਹੋਰ ਬਹੁਤ ਹੀ ਖਾਸ ਪਹਿਰਾਵਾ ਫ਼ੁਲਕਾਰੀ ਹੈ। ਪੰਜਾਬ ਦੀਆਂ ਫੁਲਕਾਰੀਆਂ ਦੁਨੀਆ ਭਰ 'ਚ ਮਸ਼ਹੂਰ ਹਨ। ਅੱਜ ਤੁਹਾਨੂੰ 1957 'ਚ ਬਣੀ ਫੁਲਕਾਰੀ ਦੀ ਦੁਕਾਨ ਬਾਰੇ ਜਾਣਕਾਰੀ ਦਿੰਦੇ ਹਾਂ ਜੋ ਕਿ ਸਿਰਫ਼ ਤੇ ਸਿਰਫ਼ ਫ਼ੁਲਕਾਰੀ ਲਈ ਖਾਸ ਤੌਰ 'ਤੇ ਜਾਣੀ ਜਾਂਦੀ ਹੈ।
ਮਸ਼ੂਹਰ ਫੁਲਕਾਰੀ ਦੀ ਦੁਕਾਨ: ਅੰਮ੍ਰਿਤਸਰ ਦੀ ਮਸ਼ਹੂਰ ਕਟਰਾ ਜੈਮਲ ਸਿੰਘ ਦੇ ਖਲਚਿਆਂ ਵਾਲਿਆਂ ਦੀ ਦੁਕਾਨ ਫੁਲਕਾਰੀਆਂ ਲਈ ਬੇਹੱਦ ਚਰਚਾ 'ਚ ਹੈ। ਇਹ ਦੁਕਾਨ 1957 'ਚ ਅੰਮ੍ਰਿਤਸਰ 'ਚ ਸ੍ਰੀ ਦਰਬਾਰ ਦੇ ਨੇੜੇ ਖੋਲ੍ਹੀ ਗਈ ਸੀ। ਦੁਕਾਨਦਾਰ ਪੁਨੀਤ ਨੇ ਦੱਸਿਆ ਕਿ ਇਸ ਦੁਕਾਨ ਨੂੰ ਉਨ੍ਹਾਂ ਦੇ ਵੱਡੇ ਬਜ਼ੁਰਗਾਂ ਵੱਲੋਂ ਬਣਾਇਆ ਗਿਆ ਸੀ। ਬੇਸ਼ੱਕ ਇਹ ਦੁਕਾਨ ਬਹੁਤ ਪੁਰਾਣੀ ਹੈ, ਪਰ ਫ਼ੁਲਕਾਰੀ ਦਾ ਰਿਵਾਜ਼ ਹਾਲੇ ਵੀ ਨਵੇਂ ਦਾ ਨਵਾਂ ਹੈ। ਪਹਿਲਾਂ ਜਿੱਥੇ ਸਿਰਫ਼ ਫੁਲਕਾਰੀ ਨੂੰ ਸਿਰ 'ਤੇ ਲਿਆ ਜਾਂਦਾ ਸੀ, ਪਰ ਅੱਜ ਦੇ ਸਮੇਂ 'ਚ ਫੁਲਕਾਰੀ ਦੇ ਰੂਪ 'ਚ ਸਾੜੀਆਂ, ਕੁੜਤੇ ਅਤੇ ਬੱਚਿਆ ਦੇ ਕੱਪੜੇ ਵੀ ਬਣਾਏ ਜਾ ਰਹੇ ਹਨ।
ਦੁਕਾਨ 'ਤੇ ਆਏ ਕਈ ਸਿਤਾਰੇ: ਪੁਨੀਤ ਨੇ ਈਟੀਵੀ ਭਾਰਤ ਨਾਲ ਗੱਲ ਕਰਦੇ ਦੱਸਿਆ ਕਿ ਜੋ ਕੋਈ ਵੀ ਸੈਲਾਨੀ ਜਾਂ ਸਿਤਾਰੇ, ਸਿਆਸੀ ਲੋਕ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਨੇ ਉਹ ਖਲਚਿਆਂ ਵਾਲਿਆਂ ਦੀ ਦੁਕਾਨ 'ਤੇ ਆ ਕੇ ਫ਼ੁਲਕਾਰੀਆਂ ਖਰੀਦ ਚੁੱਕੇ ਹਨ। ਇਹਨਾਂ 'ਚ ਸ਼ੁਸ਼ਮਿਤਾ ਸੇਨ, ਅਨੂਪਮ ਖੇਰ, ਵਿੱਦਿਆ ਬਾਲਨ, ਸ਼ਿਲਪਾ ਸ਼ੈਟੀ ਆਦਿ ਹੋਰ ਵੀ ਸਿਤਾਰਿਆਂ ਵੱਲੋਂ ਇੱਥੋਂ ਦੀਆਂ ਫੁਲਕਾਰੀਆਂ ਨੂੰ ਖੂਬ ਪਸੰਦ ਕੀਤਾ ਜਾਂਦਾ ਹੈ।
ਸੋਸ਼ਲ ਮੀਡੀਆ 'ਤੇ ਫ਼ੁਲਕਾਰੀ ਦਾ ਟਰੈਂਡ: ਦੁਕਾਨਦਾਰ ਨੇ ਦੱਸਿਆ ਕਿ ਜਿਵੇਂ-ਜਿਵੇਂ ਫਿਲਮਾਂ, ਨਾਟਕਾਂ ਅਤੇ ਸੋਸ਼ਲ ਮੀਡੀਆ 'ਤੇ ਫੁਲਕਾਰੀ ਦਾ ਪ੍ਰਚਾਰ ਹੋਇਆ, ਉਵੇਂ-ਉਵੇਂ ਫੁਲਕਾਰੀ ਦਾ ਟਰੈਂਡ ਹੋਰ ਵੀ ਵੱਧ ਗਿਆ।ਸ਼ਗਨਾਂ ਵਾਲਾ ਕੋਈ ਵੀ ਕੰਮ ਹੋਵੇ ਉੱਥੇ ਫੁਲਕਾਰੀ ਜ਼ਰੂਰ ਦੇਣ ਨੂੰ ਮਿਲਦੀ ਹੈ।ਖਾਸਕਰ ਵਿਆਹਾਂ-ਸ਼ਾਦੀਆਂ, ਤਿਉਹਾਰਾਂ 'ਤੇ ਮੁਟਿਆਰਾਂ ਵੱਲੋਂ ਫੁਲਕਾਰੀ ਨੂੰ ਖਾਸ ਤਰਜ਼ੀਹ ਦਿੱਤੀ ਜਾਂਦੀ ਹੈ।