ਅੰਮ੍ਰਿਤਸਰ :ਕਹਿੰਦੇ ਹਨ ਸ਼ਾਤਿਰ ਮੁਲਜ਼ਮ ਕੋਈ ਵੀ ਹੋਵੇ ਉਹ ਕਾਨੂੰਨ ਦੀ ਪਕੜ ਤੋਂ ਦੂਰ ਨਹੀਂ ਰਹਿ ਸਕਦਾ ਅਤੇ ਕਾਨੂੰਨ ਦੇ ਲੰਮੇ ਹੱਥ ਅਪਰਾਧੀ ਨੂੰ ਫੜ੍ਹ ਹੀ ਲਿਆਉਂਦੇ ਹਨ। ਅਜਿਹਾ ਮਾਮਲਾ ਸੁਲਝਾਇਆ ਹੈ ਬਿਆਸ ਪੁਲਿਸ ਨੇ ਅਤੇ ਇਕ ਅਜਿਹੇ ਨੌਜਵਾਨ ਮੁਲਜ਼ਮ ਨੂੰ ਕਾਬੂ ਕੀਤਾ ਹੈ ਜਿਸ ਨੇ ਸਾਲ ਪਹਿਲਾਂ ਆਪਣੇ ਹੀ ਮਾਸੜ ਦਾ ਕਿਸਰਚ ਮਾਰ ਕੇ ਕਤਲ ਕੀਤਾ ਸੀ। ਮਾਮਲੇ ਦੀ ਜਾਣਕਾਰੀ ਦਿੰਦਿਆਂ ਬਾਬਾ ਬਕਾਲਾ ਦੇ ਡੀ ਐੱਸ ਪੀ ਹਰਕ੍ਰਿਸ਼ਨ ਨੇ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮੁਲਜ਼ਮ ਬਿਆਸ ਵਿਚ ਹੀ ਲੁਕਿਆ ਹੋਇਆ ਹੈ ਜਿਸ ਦੇ ਆਧਾਰ 'ਤੇ ਕਾਬੂ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੇ ਕਸਬਾ ਰਈਆ ਵਿਖੇ ਰੰਜਿਸ਼ ਰੱਖਦਿਆਂ ਆਪਣੇ ਹੀ ਮਾਸੜ ਦਾ ਕਿਰਚ ਮਾਰ ਮਾਰ ਕੇ ਕਤਲ ਕਰ ਦਿੱਤਾ ਸੀ। ਕਤਲ ਨੂੰ ਅੰਜਾਮ ਦੇਣ ਮਗਰੋਂ ਉਹ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਖਿਲਾਫ ਕਾਰਵਾਈ ਜਾਰੀ ਰੱਖੀ ਅਤੇ ਅਖੀਰ ਇਸ ਨੂੰ ਕਾਬੂ ਕਰ ਲਿਆ।
ਗੁਪਤ ਸੂਚਨਾ ਦੇ ਅਧਾਰ 'ਤੇ ਕੀਤਾ ਸੀ ਕਾਬੂ : ਮੁਲਜ਼ਮ ਉੱਤੇ ਥਾਣਾ ਬਿਆਸ ਵਿਖੇ ਮੁਕਦਮਾ ਨੰਬਰ 233 ਜੁਰਮ 302 ਦੇ ਤਹਿਤ ਦਰਜ ਸੀ ਤੇ ਮੁਲਜ਼ਮ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ।ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਬਿਆਸ ਮੁਖੀ ਇੰਸਪੈਕਟਰ ਯਾਦਵਿੰਦਰ ਸਿੰਘ ਅਤੇ ਪੁਲਿਸ ਪਾਰਟੀ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਮੁਕਦਮੇ ਵਿੱਚ ਨਾਮਜ਼ਦ ਕਥਿਤ ਮੁਲਜ਼ਮ ਨੂੰ ਗੁਪਤ ਸੂਚਨਾ ਦੇ ਆਧਾਰ 'ਤੇ ਗ੍ਰਿਫਤਾਰ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਨਸ਼ਾ ਕਰਨ ਤੋਂ ਰੋਕਦਾ ਸੀ ਮਾਸੜ : ਕਥਿਤ ਮੁਲਜ਼ਮ ਗੁਰਪਿੰਦਰ ਸਿੰਘ ਉਰਫ ਗੋਪੀ ਪੁੱਤਰ ਬਲਦੇਵ ਸਿੰਘ ਵਾਸੀ ਗੱਗੜਭਾਣਾ ਥਾਣਾ ਮਹਿਤਾ ਨੂੰ ਉਸਦਾ ਮਾਸੜ ਨਰਿੰਦਰ ਸਿੰਘ ਵਾਸੀ ਰਈਆ ਕਥਿਤ ਤੌਰ 'ਤੇ ਨਸ਼ਾ ਕਰਨ ਤੋਂ ਰੋਕਦਾ ਸੀ।ਜਿਸਦੀ ਰੰਜਿਸ਼ ਰਖਦਿਆਂ ਮੁਲਜ਼ਮ ਨੇ ਬੁਰੀ ਤਰਾਂ ਨਾਲ ਮਾਸੜ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਉਹ ਭਗੌੜਾ ਹੋ ਗਿਆ ਸੀ। ਪੁਲਿਸ ਵਲੋਂ ਲੰਬੇ ਸਮੇਂ ਤੋਂ ਕਥਿਤ ਦੋਸ਼ੀ ਦੀ ਭਾਲ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਮੁੱਢਲੀ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿਸੇ ਹੋਰ ਸੂਬੇ ਵਿੱਚ ਰਹਿ ਰਿਹਾ ਸੀ।ਉਨ੍ਹਾਂ ਦੱਸਿਆ ਕਿ ਫਿਲਹਾਲ ਕਥਿਤ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਤੋਂ ਅਗਲੇਰੀ ਪੁੱਛ ਗਿੱਛ ਲਈ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਹੈ। ਜਿਸ ਦੌਰਾਨ ਇਸ ਵਲੋਂ ਕਤਲ ਵਿੱਚ ਵਰਤੀ ਗਈ ਕਿਰਚ ਬਰਾਮਦ ਕਰਨ ਤੋਂ ਇਲਾਵਾ ਪੜਤਾਲ ਕੀਤੀ ਜਾਵੇਗੀ ਕਿ, ਕੀ ਇਹ ਕਿਸੇ ਹੋਰ ਵੀ ਮਾਮਲੇ ਵਿੱਚ ਸ਼ਾਮਿਲ ਹੈ ਜਾਂ ਨਹੀਂ।