ਅੰਮ੍ਰਿਤਸਰ: ਅੰਮ੍ਰਿਤਸਰ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ (Kisan Mazdoor Sangharsh Committee Punjab) ਵੱਲੋਂ ਡੀਸੀ ਦਫ਼ਤਰਾਂ ਤੇ, ਸੂਬਾ ਆਗੂ ਗੁਰਬਚਨ ਸਿੰਘ ਚੱਬਾ ਦੀ ਅਗਵਾਈ ਵਿੱਚ, 26 ਨਵੰਬਰ ਤੋਂ ਚੱਲ ਰਹੇ ਲੰਬੇ ਸਮੇਂ ਦੇ ਮੋਰਚੇ 12 ਵੇਂ ਦਿਨ ਵਿਚ (Kisan continued the strike in Amritsar) ਜਾਰੀ ਰਹੇ।
ਸਰਕਾਰ ਵੱਲੋਂ ਮੀਟਿੰਗ ਕੱਲ੍ਹ ਚਿੱਠੀ ਭੇਜੀ ਗਈ: ਇਸ ਮੌਕੇ ਅੰਮ੍ਰਿਤਸਰ ਡੀ.ਸੀ ਦਫਤਰ ਉੱਤੇ ਚੱਲਦੇ ਮੋਰਚੇ ਤੋਂ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਵੱਲੋਂ ਮੀਟਿੰਗ ਦੀ ਪੇਸ਼ਕਸ਼ ਕੀਤੀ ਅਤੇ ਕੱਲ੍ਹ ਚਿੱਠੀ ਭੇਜੀ ਗਈ ਸੀ। ਇਹ ਮੀਟਿੰਗ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਮੰਗਾ ਨਾਲ ਸਬੰਧਿਤ ਅਦਾਰਿਆਂ ਦੇ ਆਲ੍ਹਾ ਅਫ਼ਸਰਾਂ ਨਾਲ ਅੱਜ ਬੁੱਧਵਾਰ ਨੂੰ 11:30 ਮਿੰਟ ਉੱਤੇ ਪੰਜਾਬ ਭਵਨ ਸੈਕਟਰ 3 ਵਿਚ ਹੋਣ ਜਾ ਰਹੀ ਹੈ।
10 ਜਿਲ੍ਹਿਆਂ ਵਿੱਚ 4 ਘੰਟੇ ਲਈ ਪੰਜਾਬ ਭਰ ਦੇ ਡੀਸੀ ਦਫਤਰਾਂ ਦੇ ਗੇਟ ਬੰਦ: ਉਹਨਾਂ ਕਿਹਾ ਕਿ ਜਥੇਬੰਦੀ ਵੱਲੋਂ ਪਹਿਲਾ ਤੋਂ ਪੰਜਾਬ ਦੇ 10 ਜਿਲ੍ਹਿਆਂ ਵਿੱਚ ਤਹਿ ਕੀਤੇ ਐਕਸ਼ਨ ਤਹਿਤ 4 ਘੰਟੇ ਲਈ ਪੰਜਾਬ ਭਰ ਦੇ ਡੀਸੀ ਦਫਤਰਾਂ ਦੇ ਗੇਟ ਬੰਦ ਕਰਕੇ ਕੰਮਕਾਜ ਸੰਕੇਤਕ ਤੌਰ ਉੱਤੇ 4 ਘੰਟੇ ਲਈ ਠੱਪ ਕੀਤੇ ਗਏ ਹਨ। ਪਰ ਜਥੇਬੰਦੀ ਕਦੀ ਵੀ ਟੇਬਲ ਟਾਕ ਤੋਂ ਕਦੀ ਪਿੱਛੇ ਨਹੀਂ ਹੁੰਦੀ ਅਤੇ ਜਥੇਬੰਦੀ ਅੱਜ ਸਰਕਾਰ ਨਾਲ ਗੱਲ ਬਾਤ ਵਿਚ ਲੋਕਾਂ ਦੇ ਮਸਲੇ ਪੂਰੇ ਜੋਰ ਨਾਲ ਰੱਖੇਗੀ।
ਸਰਕਾਰ ਅੱਗੇ ਕਿਸਾਨਾਂ ਦੀ ਇਹ ਮੰਗਾਂ: ਉਹਨਾਂ ਦੱਸਿਆ ਜਥੇਬੰਦੀ ਦੇਖੇਗੀ ਕਿ ਸਰਕਾਰ ਜੁਮਲਾ ਮੁਸਤਰਕਾ ਜਮੀਨਾਂ ਦਾ ਨੋਟੀਫਿਕੇਸ਼ਨ ਰੱਦ ਕਰਨ, ਕੇਰਲ ਸਰਕਾਰ ਦੀ ਤਰਜ਼ ਉੱਤੇ ਫ਼ਸਲਾਂ ਉੱਤੇ ਐਮ.ਐਸ.ਪੀ ਗਾਰੰਟੀ ਕਾਨੂੰਨ, ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਉੱਤੇ ਸਰਕਾਰ ਦਾ ਕੀ ਸਟੈਂਡ ਹੈ। ਮਨਰੇਗਾ ਤਹਿਤ ਕੰਮ ਦੇਣ,ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਨਵੀਂਆਂ ਨੌਕਰੀਆਂ, ਪੰਜਾਬ ਦੇ ਪਾਣੀਆਂ ਨੂੰ ਬਚਾਉਣ, ਕੇਂਦਰ ਵੱਲੋਂ ਬੀ.ਬੀ.ਐਮ.ਬੀ ਅਤੇ ਬਿਜਲੀ ਵੰਡ ਲਾਇਸੈਂਸ ਨਿਯਮ 2022 ਖਿਲਾਫ਼ ਵਿਧਾਨ ਸਭਾ ਵਿਚ ਮੱਤੇ ਪਾਉਣ, ਬੇਦਬੀਆਂ ਅਤੇ ਬਹਿਬਲ ਕਲਾਂ ਗੋਲੀ ਦੇ ਇਨਸਾਫ਼, ਭਾਰਤ ਨਾਲ ਰੋਡ ਪ੍ਰੋਜੈਕਟਾਂ ਹੇਠ ਨਿਕਲ ਰਹੀਆਂ ਸੜਕਾਂ ਦੇ ਮੁਆਵਜ਼ੇ, ਦਿੱਲੀ ਅਤੇ ਪੰਜਾਬ ਪੱਧਰੀ ਮੋਰਚਿਆਂ ਦੇ ਸ਼ਹੀਦ ਪਰਿਵਾਰਾਂ ਨੂੰ ਨੌਕਰੀ ਤੇ ਮੁਆਵਜ਼ੇ ਆਦਿ ਦੇ ਮੁੱਦਿਆਂ ਉੱਤੇ ਸਰਕਾਰ ਕੀ ਜਵਾਬ ਦਿੰਦੀ ਹੈ।
ਸਰਕਾਰ ਹੁਣ ਤੱਕ ਫੇਲ੍ਹ ਸਾਬਿਤ ਹੋਈ: ਇਸ ਸਮੇਂ ਬੋਲਦੇ ਜਿਲ੍ਹਾ ਆਗੂ ਕੰਧਾਰ ਸਿੰਘ ਭੋਏਵਾਲ ਅਤੇ ਬਲਦੇਵ ਸਿੰਘ ਬੱਗਾ ਨੇ ਕਿਹਾ ਕਿ ਸਰਕਾਰ ਹੁਣ ਤੱਕ ਨਸ਼ੇ, ਭ੍ਰਿਸ਼ਟਾਚਾਰ, ਕਾਨੂੰਨ ਵਿਵਸਥਾ, ਪ੍ਰਦੂਸ਼ਣ ਵਰਗੇ ਮਾਮਲਿਆਂ ਨੂੰ ਕੰਟਰੋਲ ਕਰਨ ਵਿਚ ਫੇਲ੍ਹ ਸਾਬਿਤ ਹੋਈ ਹੈ, ਜਿਸ ਲਈ ਪੈਸੇ ਦੀ ਨਹੀ, ਬਲਕਿ ਸਿਰਫ ਦ੍ਰਿੜ੍ਹ ਇੱਛਾ ਸ਼ਕਤੀ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਅੱਜ ਵੀ ਰੋਜ਼ਾਨਾ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ, ਖੁਦਕੁਸ਼ੀਆ ਕਰ ਰਹੇ ਕਿਸਾਨਾ ਅਤੇ ਮਜ਼ਦੂਰਾਂ ਦੀਆਂ ਖਬਰਾਂ ਨਾਲ ਅਖ਼ਬਾਰ ਭਰੇ ਆ ਰਹੇ ਹਨ।
ਸਰਕਾਰ ਨੂੰ ਮੰਨੀਆ ਹੋਈਆਂ ਮੰਗਾਂ ਤੁਰੰਤ ਲਾਗੂ ਕਰਨੀਆਂ ਹੋਣਗੀਆਂ: ਉਹਨਾਂ ਕਿਹਾ ਕਿ ਲੋਕਾਂ ਨੇ ਸਰਕਾਰ ਤੋਂ ਅੱਕ ਕੇ ਲੰਬੇ ਅਤੇ ਸ਼ਾਂਤਮਈ ਮੋਰਚੇ ਚਲਾਉਣ ਦਾ ਮਨ ਬਣਾਇਆ ਹੈ ਅਤੇ ਜਥੇਬੰਦੀ ਲਗਾਤਾਰ ਦੇਸ਼ ਅਤੇ ਪੰਜਾਬ ਦੇ ਹਿੱਤਾਂ ਉੱਤੇ ਪਹਿਰੇ ਲਈ ਦ੍ਰਿੜ੍ਹ ਸੰਕਲਪ ਹੈ ਅਤੇ ਆਮ ਲੋਕਾਂ ਦੀ ਸ਼ਮੂਲੀਅਤ ਵੀ ਲਗਾਤਾਰ ਵੱਧ ਰਹੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਮੰਨੀਆ ਹੋਈਆਂ ਮੰਗਾਂ ਤੁਰੰਤ ਲਾਗੂ ਕਰਨੀਆਂ ਹੋਣਗੀਆਂ ਅਤੇ ਜਿੰਨੀ ਦੇਰ ਇਹ ਲਾਗੂ ਨਹੀਂ ਹੁੰਦੀਆਂ, ਉਨੀ ਦੇਰ ਮੋਰਚੇ ਜਾਰੀ ਰਹਿਣਗੇ। ਉਨ੍ਹਾਂ ਕਿਹਾ ਕਿ ਅੱਜ ਦੀ ਸਰਕਾਰ ਨਾਲ ਮੀਟਿੰਗ ਤੋ ਬਾਅਦ ਜਥੇਬੰਦੀ ਵੱਲੋਂ ਫੈਸਲਾ ਲਿਆ ਜਾਵੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ।
ਇਹ ਵੀ ਪੜੋ: ਪੰਜਾਬ ਸਰਕਾਰ ਦੀ ਅੱਜ ਕਿਸਾਨ ਜਥੇਬੰਦੀਆ ਨਾਲ ਅਹਿਮ ਮੀਟਿੰਗ