ਅੰਮ੍ਰਿਤਸਰ: ਛੇਹਰਟਾ ਦੇ ਰਹਿਣ ਵਾਲੇ ਇੱਕ ਪਰਿਵਾਰ ਨੇ ਵਾਤਾਵਰਣ ਨੂੰ ਸੰਭਾਲਣ ਦਾ ਵੱਖਰਾ ਹੀ ਸੁਨੇਹਾ ਦਿੱਤਾ ਹੈ। ਦਰਅਸਲ ਪਰਿਵਾਰ 'ਚ ਬੇਟੇ ਸੁਖਕੰਵਰ ਪਾਲ ਸਿੰਘ ਦੀ ਵਿਆਹ ਦੀ ਖੁਸ਼ੀ 'ਚ ਮਿਠਾਈਆਂ ਅਤੇ ਚੌਕਲੇਟ ਨਹੀਂ ਬਲਕਿ ਬੂਟੇ ਵੰਡ ਕੇ ਲੋਕਾਂ ਨੂੰ ਵਾਤਾਵਰਣ ਸੰਭਾਲ ਦਾ ਸੁਨੇਹਾ ਦਿੱਤਾ ਹੈ।
ਇਸ ਮੌਕੇ ਸੁਖਕੰਵਰ ਪਾਲ ਸਿੰਘ ਨੇ ਕਿਹਾ ਕਿ ਉਹ ਵਾਤਾਵਰਨ ਨੂੰ ਸੰਭਾਲਣ ਲਈ ਕੁਝ ਵੱਖਰਾ ਕਰਨਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਸਲਾਹ ਕਰਕੇ ਇਹ ਕਦਮ ਚੁੱਕਿਆ। ਉਨ੍ਹਾਂ ਕਿਹਾ ਕਿ ਜੋ ਬੂਟੇ ਉਹ ਵੰਡ ਰਹੇ ਹਨ ਉਹ 24 ਘੰਟੇ ਆਕਸੀਜਨ ਪ੍ਰਦਾਨ ਕਰਦੇ ਹਨ।
ਸੁਖਕੰਵਰ ਪਾਲ ਸਿੰਘ ਦੀ ਮਾਂ ਕਰਮਜੀਤ ਕੌਰ ਪੇਸ਼ੇ ਤੋਂ ਇੱਕ ਅਧਿਆਪਕ ਹੈ ਉਨ੍ਹਾਂ ਕਿਹਾ ਕਿ ਉਹ ਸਕੂਲ ਵੀ ਬੱਚਿਆਂ ਨੂੰ ਵਾਤਾਵਰਣ ਨੂੰ ਸੰਭਾਲਣ ਲਈ ਪ੍ਰੇਰਣਾ ਦਿੰਦੀ ਹੈ। ਕਰਮਜੀਤ ਕੌਰ ਦਾ ਕਹਿਣਾ ਹੈ ਕਿ ਸਿਰਫ਼ ਬੂਟੇ ਰੱਖੋ ਹੀ ਨਾ ਬਲਕਿ ਉਨ੍ਹਾਂ ਦੀ ਸਾਂਭ ਸੰਭਾਲ ਵੀ ਚੰਗੇ ਤਰੀਕੇ ਦੇ ਨਾਲ ਕਰੋ। ਕਰਮਜੀਤ ਕੌਰ ਦੇ ਸਕੇ ਸਬੰਧੀਆਂ ਨੇ ਵੀ ਪਰਿਵਾਰ ਦੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਜ਼ਿਕਰਯੋਗ ਹੈ ਕਿ ਅੱਜ ਵਾਤਾਵਰਣ ਦੀ ਜੋ ਹਾਲਤ ਹੈ ਉਹ ਹਰ ਇੱਕ ਅੱਗੇ ਸਪਸ਼ਟ ਹੈ। ਸਰਕਾਰਾਂ ਨੂੰ ਦੋਸ਼ ਦੇਣ ਦੀ ਥਾਂ 'ਤੇ ਜੇਕਰ ਹਰ ਕੋਈ ਇਸ ਤਰ੍ਹਾਂ ਦਾ ਉਪਰਾਲਾ ਸ਼ੁਰੂ ਕਰ ਲਵੇ ਤਾਂ ਵਾਤਾਵਰਣ ਦੀ ਹਾਲਤ 'ਚ ਸੁਧਾਰ ਵੇਖਣ ਨੂੰ ਮਿਲ ਸਕਦਾ ਹੈ।