ਅੰਮ੍ਰਿਤਸਰ: ਪੰਜਾਬ 'ਚ ਜ਼ੁਲਮਾਂ ਦੀ ਭਰਮਾਰ ਅਤੇ ਗਿਣਤੀ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਟੀਵੀ ਚੈਨਲ ਅਤੇ ਅਖ਼ਬਾਰਾਂ ਹਰ ਰੋਜ਼ ਜ਼ੁਲਮ ਦੀਆਂ ਵਾਰਦਾਤਾਂ ਨਾਲ ਭਰੀਆਂ ਨਜ਼ਰ ਆਉਂਦੀਆਂ ਹਨ। ਇਹ ਜ਼ੁਲਮ ਜਿੱਥੇ ਰਿਸ਼ਤਿਆਂ ਨੂੰ ਤਾਰ ਤਾਰ ਕਰਦੇ ਨਜ਼ਰ ਆਉਂਦੇ ਹਨ ਉੱਥੇ ਹੀ ਦਿਨੋਂ ਦਿਨ ਘਟਦੀ ਜਾ ਰਹੀ ਨੈਤਿਕ ਕਦਰਾਂ ਕੀਮਤਾਂ ਦਾ ਪ੍ਰਮਾਣ ਵੀ ਦਿੰਦੇ ਹਨ।
ਅਜਿਹੀ ਹੀ ਇੱਕ ਜ਼ੁਲਮ ਦੀ ਵਾਰਦਾਤ ਦੀ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ 'ਚ ਇੱਕ ਵਿਅਕਤੀ ਇੱਕ ਔਰਤ ਅਤੇ ਉਸ ਦੀ ਧੀ ਨੂੰ ਕੁੱਟਦਾ ਨਜ਼ਰ ਆ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਜ਼ਿਲ੍ਹੇ ਦੀ ਨਿਊ ਕਲੋਨੀ ਦੀ ਹੈ। ਮਿਲੀ ਜਾਣਕਾਰੀ ਅਨੁਸਾਰ ਇਲਾਕੇ ਦੇ ਰਹਿਣ ਵਾਲੇ ਵਿਅਕਤੀ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਦਰਅਸਲ ਵਿਅਕਤੀ ਦਾ ਮੁੰਡਾ ਸਾਈਕਲ ਗਲੀ ਵਿੱਚ ਚਲਾ ਰਿਹਾ ਸੀ ਅਤੇ ਪੀੜਤ ਔਰਤ ਦੀ 3 ਸਾਲ ਦੀ ਧੀ ਗਲੀ 'ਚ ਖੇਡ ਰਹੀ ਸੀ। ਪੀੜਤ ਔਰਤ ਵੱਲੋਂ ਜਦੋਂ ਬੱਚੇ ਨੂੰ ਸਾਈਕਲ ਚਲਾਉਣ ਤੋਂ ਰੋਕਿਆ ਗਿਆ ਤਾਂ ਗੁੱਸੇ 'ਚ ਆਏ ਬੱਚੇ ਦੇ ਪਿਓ ਨੇ ਆਪਣੇ ਸਾਥੀਆਂ ਸਣੇ ਔਰਤ ਅਤੇ ਉਸ ਦੀ ਧੀ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਇਹ ਸਾਰੀ ਘਟਨਾ ਸੀਸੀਟੀਵੀ 'ਚ ਕੈਦ ਹੋ ਗਈ ਹੈ ਜੋ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਪੁਲਿਸ ਨੇ ਸੀਸੀਟੀਵੀ ਦੇ ਅਧਾਰ 'ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।