ਅੰਮ੍ਰਿਤਸਰ: ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵਲੋਂ ਖੇਤੀ ਆਰਡੀਨੈਂਸ ਦੇ ਵਿਰੋਧ ਵਿੱਚ ਦਿੱਤੇ ਅਸਤੀਫ਼ੇ ਤੋਂ ਬਾਅਦ ਪੰਜਾਬ ਦੀ ਸਿਆਸਤ ਭੱਖਦੀ ਜਾ ਰਹੀ ਹੈ। ਇੱਖ ਪਾਸੇ ਜਿੱਥੇ ਕਾਂਗਰਸੀ ਤੇ 'ਆਪ' ਆਗੂ ਇਸ ਨੂੰ ਡਰਾਮਾ ਅਤੇ ਸਿਆਸੀ ਜ਼ਮੀਨ ਦੀ ਤਲਾਸ਼ ਵਜੋਂ ਕਹਿ ਕੇ ਨਿੰਦ ਰਹੇ ਹਨ, ਉੱਥੇ ਹੀ ਦੂਜੇ ਪਾਸੇ ਅਕਾਲੀ ਆਗੂ ਇਸ ਅਸਤੀਫ਼ੇ ਨੂੰ ਇਤਿਹਾਸਿਕ ਅਤੇ ਕਿਸਾਨਾਂ ਲਈ ਕੁਰਬਾਨੀ ਭਰਿਆ ਕਦਮ ਦੱਸ ਰਹੇ ਹਨ।
ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਜਦੋ ਵੀ ਪੰਜਾਬ ਦੇ ਹੱਕਾਂ ਲਈ ਲੋੜ ਪਈ ਤਾਂ ਅਕਾਲੀ ਦਲ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਤੇ ਹੁਣ ਵੀ ਜੋ ਖੇਤੀ ਸਬੰਧੀ ਆਰਡੀਨੈਂਸ ਪਾਰਲੀਮੈਂਟ ਵਿੱਚ ਪਾਸ ਕੀਤੇ ਤਾਂ ਹਰਸਿਮਰਤ ਬਾਦਲ ਨੇ ਕਿਸਾਨਾਂ ਦੇ ਸੰਘਰਸ਼ ਨੂੰ ਬੱਲ ਤੇ ਹੱਕਾਂ ਦੀ ਰਾਖੀ ਲਈ ਆਪਣਾ ਅਸਤੀਫ਼ਾ ਦਿੱਤਾ ਹੈ।
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਅਸਤੀਫ਼ੇ ਨੂੰ ਛੋਟਾ ਕਦਮ ਕਹਿਣ ਤੇ ਵਲਟੋਹਾ ਦਾ ਕਹਿਣਾ ਹੈ ਕਿ ਹਰਸਿਮਰਤ ਬਾਦਲ ਜੇਕਰ ਕੇਂਦਰੀ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ ਤਾਂ ਤੁਸੀਂ ਕਿਉ ਨਹੀਂ ਇਹੋ ਜਿਹਾ ਛੋਟਾ ਕਦਮ ਚੁੱਕਦੇ।
ਉਨ੍ਹਾਂ ਕਿਹਾ ਕਿ 2019 ਵਿੱਚ ਕੇਂਦਰ ਸਰਕਾਰ ਵਲੋਂ ਜਦੋ ਖੇਤੀ ਆਰਡੀਨੈਂਸ ਦੇ ਸਬੰਧ ਵਿੱਚ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਪ੍ਰਵਾਨਗੀ ਮੰਗੀ ਤਾਂ ਉਦੋਂ ਮੁੱਖ ਮੰਤਰੀ ਪੰਜਾਬ ਨੇ ਇਸ ਆਰਡੀਨੈਂਸ 'ਤੇ ਸਹਿਮਤੀ ਪ੍ਰਗਟਾ ਦਿੱਤੀ ਅਤੇ ਹੁਣ ਇਸ ਦਾ ਵਿਰੋਧ ਕਿਉਂ ਕਰ ਰਹੇ ਹਨ। ਅਕਾਲੀ ਭਾਜਪਾ ਗਠਜੋੜ ਦੇ ਭਵਿੱਖ ਵਿੱਚ ਬਰਕਰਾਰ ਰਹਿਣ 'ਤੇ ਬੋਲਦਿਆਂ ਕਿਹਾ ਕਿ ਪੰਜਾਬ ਤੇ ਕਿਸਾਨਾਂ ਦੇ ਬਿਹਤਰ ਭਵਿੱਖ ਲਈ ਅਕਾਲੀ ਦਲ ਨੂੰ ਕੋਈ ਵੀ ਵੱਡਾ ਫੈਸਲਾ ਲੈਣਾ ਪਿਆ ਤਾਂ ਜ਼ਰੂਰ ਲਿਆ ਜਾਵੇਗਾ।