ਅੰਮ੍ਰਿਤਸਰ: ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗਾਇਬ ਹੋਏ 328 ਸਰੂਪਾਂ ਦੇ ਮਾਮਲੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮਤਾ ਪਾਸ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਦੋਸ਼ੀਆਂ ਖਿਲਾਫ਼ ਕਾਰਵਾਈ ਕਰਨ ਲਈ ਕਿਹਾ ਹੈ। ਇਸ ਬਾਰੇ ਡੈਮੋਕ੍ਰੇਟਿਕ ਅਕਾਲੀ ਦਲ ਦੇ ਆਗੂ ਸੇਵਾ ਸਿੰਘ ਸੇਖਵਾਂ ਅਤੇ ਹੋਰ ਆਗੂਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਮੰਗ ਪੱਤਰ ਦਿੱਤਾ ਹੈ।
ਇਸ ਮਾਮਲੇ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਡੈਮੋਕ੍ਰੇਟਿਕ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਪਿਛਲੇ ਦਿਨੀਂ ਧਰਮ ਪ੍ਰਚਾਰ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਸਕੱਤਰੇਤ ਵਿਖੇ ਮਤਾ ਪਾਸ ਕਰਕੇ ਭੇਜਿਆ ਕਿ 328 ਸਰੂਪਾਂ ਦੇ ਮਾਮਲੇ ਵਿੱਚ ਦੋਸ਼ੀਆਂ ਨੂੰ ਸਜ਼ਾ ਜਥੇਦਾਰ ਹਰਪ੍ਰੀਤ ਸਿੰਘ ਸੁਣਾਉਣ, ਉਹ ਇਸ ਗੱਲ ਬਾਰੇ ਜਥੇਦਾਰ ਸਾਹਿਬ ਨੂੰ ਮਿਲੇ ਹਨ ਕਿ ਇਹ ਵਿਸ਼ਾਂ ਅਕਾਲ ਤਖ਼ਤ ਸਾਹਿਬ ਦਾ ਨਹੀਂ। ਇਹ ਇੱਕ ਗਬਨ ਦਾ ਵਿਸ਼ਾ ਹੈ। ਇਸ ਲਈ ਜਥੇਦਾਰ ਸਾਹਿਬ ਨੂੰ ਚਾਹੀਦਾ ਹੈ ਕਿ ਉਹ ਇਹ ਮਤਾ ਰੱਦ ਕਰਕੇ ਸ਼੍ਰੋਮਣੀ ਕਮੇਟੀ ਨੂੰ ਹੁਕਮ ਕਰ ਕੇ ਕਮੇਟੀ ਆਪਣੇ ਪੱਧਰ 'ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਅਮਲ ਵਿੱਚ ਲਿਆਵੇ।
ਸੇਖਵਾਂ ਨੇ ਕਿਹਾ ਕਿ ਸਾਨੂੰ ਖਦਸ਼ਾ ਹੈ ਕਿ ਕਿਤੇ ਪਿਛਲੇ ਸਮੇਂ ਵਾਂਗ ਮੌਜੂਦਾ ਕਮੇਟੀ ਅਤੇ ਸਾਲ 2016 ਦੀ ਅੰਤ੍ਰਿਗ ਕਮੇਟੀ ਵਾਂਗ ਝਾੜੂ ਦੀ ਸੇਵਾ ਲਾ ਕੇ ਸਰੂਪਾਂ ਨੂੰ ਗਾਇਬ ਕਰਨ ਵਾਲਿਆਂ ਨੂੰ ਮੁਆਫ਼ ਨਾ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸਰੂਪਾਂ ਦੇ ਮਾਮਲੇ ਵਿੱਚ ਪੈਸੇ ਸ਼ਾਮਲ ਹਨ, ਐਸਐਸ ਕੋਹਲੀ ਐਸੋਏਟਿਡ ਕੰਪਨੀ ਹੈ,ਜਿਸ ਨੇ ਸਾਰੇ ਕੰਮ ਦਾ ਆਡਿਟ ਕਰਨਾ ਸੀ। ਇਸ ਕੰਪਨੀ ਬਾਰੇ ਪੜਤਾਲੀਆ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਕੋਹਲੀ ਕੰਪਨੀ ਤੋਂ 75 ਪ੍ਰਤੀਸ਼ਤ ਪੈਸਾ ਵਾਪਸ ਲਿਆ ਜਾਵੇ। ਕਿਉਂਕਿ ਕੰਪਨੀ ਨੇ ਆਪਣਾ ਕੰਮ ਨਹੀਂ ਕੀਤਾ।
ਸੇਖਵਾਂ ਨੇ ਕਿਹਾ ਕਿ ਸਰੂਪਾਂ ਦੇ ਮਾਮਲੇ ਵਿੱਚ ਕੋਹਲੀ ਕੰਪਨੀ ਮੁੱਖ ਦੋਸ਼ੀ ਹੈ,ਜੇ ਸਮੇਂ ਸਿਰ ਆਡਿਟ ਕੀਤਾ ਹੁੰਦਾ ਤਾਂ ਇਹ ਸਥਿਤੀ ਨਾ ਹੁੰਦੀ। ਉਨ੍ਹਾਂ ਕਿਹਾ ਕੇ ਜਥੇਦਾਰ ਹਰਪ੍ਰੀਤ ਸਿੰਘ ਨੇ ਭਰੋਸਾ ਦਿਵਾਇਆ ਹੈ ਕਿ ਉਨ੍ਹਾਂ ਦੀ ਅਰਜ਼ੀ 'ਤੇ ਗੰਭਰੀਤਾ ਨਾਲ ਵਿਚਾਰ ਕੀਤਾ ਜਾਵੇਗਾ।