ਅੰਮ੍ਰਿਤਸਰ: ਹਲਕਾ ਅਜਨਾਲਾ ਵਿਖੇ ਅੱਜ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਤੇ ਹਲਕਾ ਦੱਖਣੀ ਅੰਮ੍ਰਿਤਸਰ ਤੋਂ ਇੰਚਾਰਜ ਤਲਬੀਰ ਸਿੰਘ ਗਿੱਲ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਉਨ੍ਹਾਂ ਬੀਤੇ ਕੱਲ੍ਹ ਬਾਘਾਪੁਰਾਣਾ ਵਿਖੇ ਕੇਜਰੀਵਾਲ ਵੱਲੋਂ ਕੀਤੀ ਗਈ ਰੈਲੀ 'ਤੇ ਤੰਜ ਕਸਦੇ ਹੋਏ ਕਿਹਾ ਕਿ ਕੇਜਰੀਵਾਲ ਵੱਲੋਂ ਕਿਸਾਨੀ ਰੈਲੀ ਕਹਿ ਕੇ ਸਿਆਸੀ ਰੈਲੀ ਕੀਤੀ ਗਈ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਸੀ ਕਿ ਪੰਜਾਬ ਦੇ ਲੋਕ ਉਨ੍ਹਾਂ ਨੂੰ ਪੰਜਾਬ ਅੰਦਰ ਵੜਨ ਨਹੀਂ ਦੇਣਗੇ।
ਜਿਸ ਦੇ ਚੱਲਦੇ ਉਨ੍ਹਾਂ ਨੇ ਕਿਸਾਨੀ ਰੈਲੀ ਕਹਿ ਕੇ ਸਿਆਸੀ ਰੈਲੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਬਰਸਾਤੀ ਡੱਡੂ ਹੈ ਅਤੇ ਹੁਣ ਬਰਸਾਤ ਆਉਣ 'ਤੇ ਫਿਰ ਦੁਬਾਰਾ ਬਾਹਰ ਨਿਕਲਿਆ ਹੈ ਤੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰੇਗਾ, ਪਰ ਪੰਜਾਬ ਦੇ ਲੋਕ ਸਿਆਣੇ ਹੋ ਚੁੱਕੇ ਹਨ ਅਤੇ ਉਹ ਹੁਣ ਕੇਜਰੀਵਾਲ ਨੂੰ ਮੂੰਹ ਨਹੀਂ ਲਾਉਣਗੇ।
ਅਕਾਲੀ ਆਗੂ ਤਲਬੀਰ ਗਿੱਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਕੋਈ ਪਾਰਟੀ ਰਾਸ ਨਹੀਂ ਆ ਸਕਦੀ ਅੱਜ ਦੀ ਤਰੀਕ ਵਿੱਚ ਜਿਹੜਾ ਉਹ ਘਰ ਬੈਠਾ ਹੈ ਉਸ ਵਾਸਤੇ ਉਹੀ ਜਗ੍ਹਾ ਵਧੀਆ ਹੈ।
ਉਹ ਕਿਸੇ ਨੂੰ ਵੀ ਚੰਗਾ ਨਹੀਂ ਸਮਝਦਾ ਉਹ ਸਿਰਫ਼ ਆਪਣੇ ਆਪ ਨੂੰ ਹੀ ਚੰਗਾ ਸਮਝਦਾ ਹੈ। ਉਨ੍ਹਾਂ ਕਿਹਾ ਕਿ ਥੋੜ੍ਹੇ ਦਿਨਾਂ ਤਕ ਉਹ ਸਿੱਧੂ ਜੋੜੇ ਦੇ ਇਮਾਨਦਾਰੀ ਦੇ ਕਿੱਸੇ ਖੋਲ੍ਹਣਗੇ ਕੀ ਨਵਜੋਤ ਸਿੰਘ ਸਿੱਧੂ ਕਿਸ ਨੂੰ ਮੁਅੱਤਲ ਕਰਦੇ ਸਨ ਅਤੇ ਮੈਡਮ ਕਿਸ ਨੂੰ ਬਹਾਲ ਕਰਦੀ ਸੀ।