ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਲਾਨਾ ਬਜਟ ਇਜਲਾਸ ਹੋਇਆ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਇਜਲਾਸ ਵਿਚ ਪਹੁੰਚੇ ਲੋਕ ਇਨਸਾਫ਼ ਪਾਰਟੀ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬਲਵਿੰਦਰ ਸਿੰਘ ਬੈਂਸ ਨੇ 328 ਸਰੂਪਾਂ ਅਤੇ ਕਿਸਾਨਾਂ ਦਾ ਮਾਮਲਾ ਸਦਨ ਵਿੱਚ ਉਠਾਇਆ ਗਿਆ। ਉਨ੍ਹਾਂ ਵੱਲੋਂ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ।
ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਦਨ ਵਿੱਚ ਜਥੇਦਾਰ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਤੁਹਾਡੇ ਵੱਲੋਂ ਸਰੂਪਾਂ ਦੇ ਮਾਮਲੇ ਵਿੱਚ ਮਰਿਆਦਾ ਮੁਤਾਬਕ ਮੁਆਫ਼ੀ ਦਿੱਤੀ ਗਈ ਪਰ ਸਿੱਖਾਂ ਦੇ ਹਿਰਦੇ ਸ਼ਾਂਤ ਨਹੀਂ ਹੋਏ। ਬੈਂਸ ਨੇ ਕਿਹਾ ਕਿ ਵਿਅਕਤੀਆਂ ਨੂੰ ਤਾਂ ਮੁਆਫ਼ ਕਰ ਦਿੱਤਾ ਪਰ 328 ਸਰੂਪ ਕਿੱਥੇ ਗਏ? ਇਹ ਕੌਣ ਦੱਸੇਗਾ ? ਜੇਕਰ ਇਨ੍ਹਾਂ ਸਰੂਪਾਂ ਦੀ ਬੇਅਦਬੀ ਹੋਵੇਗੀ ਤਾਂ ਫਿਰ ਜ਼ਿੰਮੇਵਾਰ ਕੌਣ ਹੋਵੇਗਾ ? ਬੈਂਸ ਨੇ ਕਿਹਾ ਕਿ ਸਰੂਪਾਂ ਦੇ ਮਾਮਲੇ ਵਿੱਚ 3 ਮੈਂਬਰੀ ਬਣਾਈ ਜਾਂਚ ਕਮੇਟੀ ਦੀ ਰਿਪੋਰਟ ਜਨਤਕ ਕਿਉਂ ਨਹੀਂ ਕੀਤੀ ਗਈ?
ਜਿਨ੍ਹਾਂ ਬਾਰੇ ਬੈਂਸ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਿਪੋਰਟ ਜਨਤਕ ਨਾ ਕਰਨ ਦਾ ਕਾਰਨ ਇਹ ਹੈ ਕਿ ਸਰੂਪਾਂ ਦੇ ਮਾਮਲੇ ਦੀ ਸੂਈ ਬਠਿੰਡੇ ਵੱਲ ਜਾਂਦੀ ਹੈ, ਇਸ ਲਈ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ। ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਇਸ ਤੋਂ ਪਹਿਲਾਂ ਪੰਜਾਬੀ ਵੱਡੀ ਗਿਣਤੀ ਵਿੱਚ 2 ਵਾਰ ਸੜਕਾਂ 'ਤੇ ਉੱਤਰੇ ਹਨ। ਇੱਕ ਤਾਂ ਜਦੋਂ ਬਰਗਾੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਤੇ ਦੂਸਰਾ ਜਦੋਂ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੇ ਮਾਮਲੇ ਵਿੱਚ 3 ਆਰਡੀਨੈਂਸ ਆਏ। ਜਦੋਂ ਵੀ ਬਿਪਤਾ ਦੀ ਘੜੀ ਬਣੀ ਤਾਂ ਧਰਮੀ ਲੋਕ ਅੱਗੇ ਆਉਂਦੇ ਹਨ ਤੇ ਹੁਣ ਜਥੇਦਾਰ ਹਰਪ੍ਰੀਤ ਸਿੰਘ ਨੂੰ ਚਾਹੀਦਾ ਹੈ ਕਿ ਜਦੋਂ ਕਿਸਾਨ ਯੂਨੀਅਨਾਂ ਦਿੱਲੀ ਵਿੱਚ ਬੰਦ ਦਾ ਸੱਦਾ ਦੇਣ ਤਾਂ ਹਰ ਇੱਕ ਪਰਿਵਾਰ ਦੇ ਇੱਕ ਇੱਕ ਬੰਦੇ ਨੂੰ ਦਿੱਲੀ ਪਹੁੰਚਣ ਲਈ ਅਪੀਲ ਕੀਤੀ ਜਾਵੇ।
ਬਲਵਿੰਦਰ ਸਿੰਘ ਬੈਂਸ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੱਦੇ ਗਏ ਸਦਨ ਵਿੱਚ ਲੇਖਾ ਜੋਖਾ ਹੋਣਾ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਕਿਹਾ ਕਿ ਜੇ ਪਰਕਾਸ਼ ਸਿੰਘ ਬਾਦਲ ਜਿਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਫ਼ਖ਼ਰ-ਏ-ਕੌਮ ਅਵਾਰਡ ਦਿੱਤਾ ਗਿਆ, ਉਸ ਦਾ ਲੇਖਾ ਜੋਖਾ ਕਰੀਏ ਤਾਂ 1978 ਵਿੱਚ ਅੰਮ੍ਰਿਤਸਰ ਵਿੱਚ ਗੋਲੀ ਕਾਂਡ, ਨੂਰਮਹਿਲ ਗੋਲੀ ਕਾਂਡ, ਸਮਰਾਲਾ ਚੌਕ ਲੁਧਿਆਣਾ ਗੋਲੀ ਚੱਲੀ, ਕੋਟਕਪੂਰੇ ਵਿੱਚ ਗੋਲੀ ਕਾਂਡ ਇਹ ਸਾਰੇ ਵੱਡੇ ਕਾਂਡ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਮੌਕੇ ਹੋਏ ਤੇ ਫ਼ਿਰ ਪ੍ਰਕਾਸ਼ ਸਿੰਘ ਬਾਦਲ ਨੂੰ ਸਿੱਖਾਂ ਉੱਤੇ ਗੋਲੀ ਚਲਾਉਣ ਦੇ ਬਦਲੇ ਫ਼ਖ਼ਰ-ਏ-ਕੌਮ ਅਵਾਰਡ ਕਿਉਂ ਦਿੱਤਾ ਗਿਆ ? ਇਸ ਲਈ ਜਥੇਦਾਰ ਹਰਪ੍ਰੀਤ ਸਿੰਘ ਨੂੰ ਬੇਨਤੀ ਹੈ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਤੁਰੰਤ ਐਵਾਰਡ ਵਾਪਸ ਲਿਆ ਜਾਵੇ।