ਮੁੱਖਵਾਕ (16-02-2023)
![Aaj Da Hukamnama, Today Hukamnama, Golden Temple Amritsar](https://etvbharatimages.akamaized.net/etvbharat/prod-images/17766376_huknam.jpg)
ਪੰਜਾਬੀ ਵਿਆਖਿਆ :
ਸੋਰਠਿ ਮਹਲਾ ੩ ॥
ਹੇ ਪਿਆਰੇ ਪ੍ਰਭੂ ਜੀ, ਮਿਹਰ ਕਰ । ਜਿੰਨਾ ਚਿਰ ਮੇਰੇ ਸਰੀਰ ਵਿਚ ਜਾਨ ਹੈ, ਮੈਂ ਸਦਾ ਤੇਰੀ ਸਿਫ਼ਤਿ ਸਾਲਾਹ ਕਰਦਾ ਰਹਾ। ਹੇ ਮਾਲਕ ਪ੍ਰਭੂ, ਜਦੋਂ ਤੂੰ ਮੈਨੂੰ ਇਕ ਪਲ ਵਿੱਚ ਛਿਨ ਭਰ ਵਿੱਸਰਦਾ ਹੈਂ, ਮੈਂ ਪੰਜਾਹ ਸਾਲ ਬੀਤ ਗਏ ਸਮਝਦਾ ਹਾਂ । ਹੇ ਭਾਈ ! ਅਸੀ ਸਦਾ ਤੋਂ ਮੂਰਖ ਅੰਞਾਣ ਤੁਰੇ ਆ ਰਹੇ ਸੀ, ਗੁਰੂ ਦੇ ਸ਼ਬਦ ਦੀ ਬਰਕਤ ਨਾਲ ਸਾਡੇ ਅੰਦਰ ਆਤਮਕ ਜੀਵਨ ਦਾ ਚਾਨਣ ਹੋਇਆ ਹੈ।
ਹੇ ਪ੍ਰਭੂ ਜੀ, ਤੂੰ ਆਪ ਹੀ ਆਪਣਾ ਨਾਮ ਜਪਣ ਦੀ ਮੈਨੂੰ ਸਮਝ ਬਖ਼ਸ਼। ਹੇ ਪ੍ਰਭੂ, ਮੈਂ ਤੈਥੋਂ ਸਦਾ ਸਦਕੇ ਜਾਵਾਂ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ। ਰਹਾਉ।
ਹੇ ਭਾਈ, ਅਸੀ ਜੀਵ ਗੁਰੂ ਦੇ ਸ਼ਬਦ ਦੀ ਰਾਹੀਂ ਵਿਕਾਰਾਂ ਵਲੋਂ ਮਰ ਸਕਦੇ ਹਾਂ। ਸ਼ਬਦ ਦੇ ਰਾਹੀਂ ਹੀ ਵਿਕਾਰਾਂ ਵਲੋਂ ਮਾਰ ਕੇ ਗੁਰੂ ਆਤਮਕ ਜੀਵਨ ਦਿੰਦਾ ਹੈ। ਗੁਰੂ ਦੇ ਸ਼ਬਦ ਵਿੱਚ ਜੁੜਿਆਂ ਹੀ ਵਿਕਾਰਾਂ ਵਲੋਂ ਖ਼ਲਾਸੀ ਹਾਸਲ ਹੁੰਦੀ ਹੈ। ਗੁਰੂ ਦੇ ਸ਼ਬਦ ਰਾਹੀਂ ਹੀ ਮਨ ਪਵਿੱਤਰ ਹੁੰਦਾ ਹੈ। ਸਰੀਰ ਪਵਿੱਤਰ ਹੁੰਦਾ ਹੈ ਅਤੇ ਪਰਮਾਤਮਾ ਮਨ ਵਿਚ ਆ ਕੇ ਵੱਸਦਾ ਹੈ।
ਹੇ ਭਾਈ, ਗੁਰੂ ਦਾ ਸ਼ਬਦ ਹੀ ਨਾਮ ਦੀ ਦਾਤਿ ਦੇਣ ਵਾਲਾ ਹੈ। ਜਦੋਂ ਸ਼ਬਦ ਵਿਚ ਮਨ ਰੰਗਿਆ ਜਾਂਦਾ ਹੈ, ਤਾਂ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ। ਹੇ ਭਾਈ, ਜਿਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦੇ, ਉਹ ਮਾਇਆ ਦੇ ਮੋਹ ਵਿਚ ਆਤਮਕ ਜੀਵਨ ਵਲੋਂ ਅੰਨ੍ਹੇ ਬੋਲੇ ਹੋਏ ਰਹਿੰਦੇ ਹਨ। ਸੰਸਾਰ ਵਿਚ ਆ ਕੇ ਉਹ ਕੁਝ ਨਹੀਂ ਖੱਟਦੇ। ਉਨ੍ਹਾਂ ਨੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਆਉਂਦਾ, ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ। ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ, ਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਟਿਕੇ ਰਹਿੰਦੇ ਹਨ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਅਗਿਆਨਤਾ ਦੇ ਹਨ੍ਹੇਰੇ ਵਿੱਚ ਹੀ ਮਸਤ ਰਹਿੰਦੇ ਹਨ। ਪਰ, ਹੇ ਭਾਈ, ਜੀਵਾਂ ਦੇ ਭੀ ਕੀਹ ਵੱਸ?
ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰ ਕੇ ਸੰਭਾਲ ਕਰਦਾ ਹੈ, ਆਪ ਹੀ ਜੀਵਨ ਦੇ ਸਹੀ ਰਸਤੇ ਪਾਉਂਦਾ ਹੈ। ਉਸ ਪ੍ਰਭੂ ਤੋਂ ਬਿਨਾਂ ਹੋਰ ਕੋਈ ਨਹੀਂ, ਜੋ ਜੀਵਾਂ ਨੂੰ ਰਾਹ ਦੱਸ ਸਕੇ। ਹੇ ਭਾਈ, ਕਰਤਾਰ ਜੋ ਕੁਝ ਕਰਦਾ ਹੈ, ਉਹੀ ਹੁੰਦਾ ਹੈ। ਧੁਰ ਦਰਗਾਹ ਤੋਂ ਜੀਵਾਂ ਦੇ ਮੱਥੇ ਉੱਤੇ ਲੇਖ ਲਿਖ ਦਿੰਦਾ ਹੈ। ਉਸ ਨੂੰ ਕੋਈ ਹੋਰ ਮਿਟਾ ਨਹੀਂ ਸਕਦਾ। ਹੇ ਨਾਨਕ, (ਆਖ) ਹੇ ਭਾਈ, ਉਸ ਪ੍ਰਭੂ ਦੀ ਮਿਹਰ ਨਾਲ ਹੀ ਉਸ ਦਾ ਨਾਮ ਮਨੁੱਖੀ ਮਨ ਵਿੱਚ ਵੱਸ ਸਕਦਾ ਹੈ। ਕੋਈ ਹੋਰ ਇਹ ਦਾਤਿ ਦੇਣ ਜੋਗਾ ਨਹੀਂ ਹੈ।
ਇਹ ਵੀ ਪੜ੍ਹੋ: Vikram Samvat 2080: 22 ਮਾਰਚ ਤੋਂ ਸ਼ੁਰੂ ਹੋ ਰਿਹਾ ਹਿੰਦੂ ਨਵਾਂ ਸਾਲ, ਇਨ੍ਹਾਂ 4 ਰਾਸ਼ੀਆਂ ਲਈ ਆਉਣਗੇ ਚੰਗੇ ਦਿਨ