ਅੱਜ ਦਾ ਮੁੱਖਵਾਕ
ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰੁ ਤੀਜਾ, ੴ ਸਤਿਗੁਰ ਪ੍ਰਸਾਦਿ
ਵਿਆਖਿਆ -
ਦੁੱਧ ਤਾਂ ਥਣਾਂ ਤੋਂ ਹੀ ਵੱਛੇ ਨੇ ਜੂਠਾ ਕਰ ਦਿੱਤਾ ਹੈ। ਫੁੱਲ ਭੌਰੇ ਨੇ ਸੁੰਘ ਕੇ ਅਤੇ ਪਾਣੀ ਮੱਛੀ ਨੇ ਖ਼ਰਾਬ ਕਰ ਦਿੱਤਾ। ਦੁੱਧ, ਫੁੱਲ ਤੇ ਪਾਣੀ ਇਹ ਤਿੰਨੇ ਹੀ ਜੂਠੇ ਹੋ ਜਾਣ ਕਰਕੇ ਪ੍ਰਭੂ ਅੱਗੇ ਭੇਂਟ ਕਰਨ ਯੋਗ ਨਹੀਂ ਰਹਿ ਗਏ। ਹੇ ਮਾਂ, ਗੋਬਿੰਦ ਦੀ ਪੂਜਾ ਕਰਨ ਲਈ ਮੈਂ ਕਿਥੋਂ ਕੋਈ ਚੀਜ਼ ਲੈ ਕੇ ਭੇਂਟ ਕਰਾਂ? ਕੋਈ ਹੋਰ ਸੁੱਚਾ ਫੁੱਲ ਆਦਿ ਮਿਲ ਨਹੀਂ ਸਕਦਾ। ਕੀ ਮੈਂ ਇਸ ਘਾਟ ਕਰ ਕੇ ਉਸ ਸੋਹਣੇ ਪ੍ਰਭੂ ਨੂੰ ਪ੍ਰਾਪਤ ਨਹੀਂ ਕਰ ਸਕਾਂਗਾ? ।੧।ਰਹਾਉ।
ਚੰਦਨ ਦੇ ਬੂਟਿਆਂ ਨੂੰ ਸੱਪ ਚਿੰਬੜੇ ਹੋਏ ਹਨ ਤੇ ਉਨ੍ਹਾਂ ਨੇ ਚੰਦਨ ਨੂੰ ਜੂਠਾ ਕਰ ਦਿੱਤਾ ਹੈ। ਜ਼ਹਿਰ ਤੇ ਅੰਮ੍ਰਿਤ ਵੀ ਸਮੁੰਦਰ ਵਿੱਚ ਇਕੱਠੇ ਹੀ ਵੱਸਦੇ ਹਨ।੨। ਖੁਸ਼ਬੂ ਆਉਣ ਕਰ ਕੇ ਧੂਪ, ਦੀਪ ਤੇ ਨੈਵੇਦ ਵੀ ਜੂਠ ਵਿੱਚ ਸ਼ਾਮਲ ਹੋ ਜਾਂਦੇ ਹਨ। ਹੇ ਪ੍ਰਭੂ, ਫਿਰ ਜੇ ਤੇਰੀ ਪੂਜਾ ਇਨ੍ਹਾਂ ਚੀਜ਼ਾਂ ਨਾਲ ਹੀ ਹੋ ਸਕਦੀ ਹੋਵੇ, ਤਾਂ ਇਹ ਜੂਠੀਆਂ ਚੀਜ਼ਾਂ ਤੇਰੇ ਅੱਗੇ ਰੱਖ ਕੇ ਤੇਰੇ ਭਗਤ ਕਿਵੇਂ ਤੇਰੀ ਪੂਜਾ ਕਰਨ?।੩।
ਹੇ ਪ੍ਰਭੂ, ਮੈਂ ਆਪਣਾ ਤਨ ਤੇ ਮਨ ਅਰਪਣ ਕਰਦਾ ਹਾਂ, ਤੇਰੀ ਪੂਜਾ ਵਜੋਂ ਭੇਟ ਕਰਦਾ ਹਾਂ। ਇਸੇ ਭੇਟਾਂ ਨਾਲ ਹੀ ਸਤਿਗੁਰ ਦੀ ਮਿਹਰ ਦੀ ਬਰਕਤ ਨਾਲ ਤੈਨੂੰ ਮੋਹ ਮਾਇਆ ਰਹਿਤ ਨੂੰ ਲੱਭ ਸਕਦਾ ਹਾਂ।੪।
ਰਵਿਦਾਸ ਜੀ ਆਖਦੇ ਹਨ, ਹੇ ਪ੍ਰਭੂ, ਜੇ ਸੁੱਚੇ ਦੁੱਧ, ਫੁੱਲ, ਧੂਪ, ਚੰਦਨ ਤੇ ਨੈਵੇਦ ਆਦਿ ਭੇਟਾਂ ਨਾਲ ਹੀ ਤੇਰੀ ਪੂਜਾ ਹੋ ਸਕਦੀ ਹੈ, ਤਾਂ ਕਿਤੇ ਵੀ ਇਹ ਸ਼ੈਅ ਸੁੱਚੀਆਂ ਨਾ ਮਿਲਣ ਕਰ ਕੇ, ਮੈਥੋਂ ਤੇਰੀ ਪੂਜਾ ਤੇ ਤੇਰੀ ਭਗਤੀ ਹੋ ਹੀ ਨਹੀਂ ਸਕਦੀ, ਤਾਂ ਫਿਰ ਹੇ ਪ੍ਰਭੂ, ਮੇਰਾ ਕੀ ਹਾਲ ਹੁੰਦਾ?।੫।੧।
ਭਾਵ : ਲੋਕ ਦੇਵੀ ਦੇਵਤਿਆਂ ਦੀਆਂ ਮੂਰਤੀਆਂ ਨੂੰ ਆਪਣੇ ਵੱਲੋਂ ਸੁੱਚੇ ਜਲ, ਫੁੱਲ ਤੇ ਦੁੱਧ ਆਦਿ ਨਾਲ ਪ੍ਰਸੰਨ ਕਰਨ ਦੇ ਯਤਨ ਕਰਦੇ ਹਨ, ਪਰ ਇਹ ਚੀਜ਼ਾਂ ਤਾਂ ਪਹਿਲਾਂ ਹੀ ਜੂਠੀਆਂ ਹੋ ਜਾਂਦੀਆਂ ਹਨ। ਪ੍ਰਮਾਤਮਾ ਅਜਿਹੀਆਂ ਚੀਜ਼ਾਂ ਦੀ ਭੇਟਾਂ ਨਾਲ ਖ਼ੁਸ਼ ਨਹੀਂ ਹੁੰਦਾ, ਉਹ ਤਾਂ ਤਨ ਮਨ ਦੀ ਭੇਟ ਮੰਗਦਾ ਹੈ।
ਇਹ ਵੀ ਪੜ੍ਹੋ: ਸਾਹਾ ਦੀ ਜੰਗ! MP ਦੇ ਛਤਰਪੁਰ ਵਿੱਚ 30 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ ਮਾਸੂਮ, ਬਚਾਅ ਮੁਹਿੰਮ ਜਾਰੀ