ਅੱਜ ਦਾ ਮੁੱਖਵਾਕ
ਵਿਆਖਿਆ -
ਸੋਰਠਿ ਮਹਲਾ ਪੰਜਵਾਂ, ਘਰੁ ਦੂਜਾ, ਅਸਟਪਦੀਆਂ ੴ ਸਤਿਗੁਰ ਪ੍ਰਸਾਦਿ॥
ਹੇ ਭਾਈ, ਕਈ ਮਨੁੱਖ ਵੇਦ ਆਦਿ ਧਰਮ ਪੁਸਤਕ ਨੂੰ ਪੜ੍ਹਦੇ ਹਨ ਅਤੇ ਵਿਚਾਰਦੇ ਹਨ। ਕਈ ਮਨੁੱਖ ਨਿਵਲੀਕਰਮ ਕਰਦਾ ਹੈ। ਕੋਈ ਕੁੰਡਲੀ ਨਾੜੀ ਰਸਤੇ ਪ੍ਰਾਣ ਚਾੜ੍ਹਦਾ ਹੈ, ਪਰ ਇਨ੍ਹਾਂ ਸਾਧਨਾਂ ਨਾਲ ਕਾਮਾਦਿਕ ਪੰਜਾਂ ਨਾਲੋਂ ਸਾਥ ਮੁੱਕ ਨਹੀਂ ਸਕਦਾ, ਸਗੋਂ ਵਧੀਕ ਹੰਕਾਰ ਵਿੱਚ ਮਨੁੱਖ ਬੱਝ ਜਾਂਦੇ ਹਨ।੧। ਹੇ ਭਾਈ, ਮੇਰੇ ਵੇਖਦਿਆਂ ਲੋਕ ਅਨੇਕਾਂ ਹੀ ਮਿੱਥੇ ਹੋਏ ਧਾਰਮਿਕ ਕਰਮ ਕਰਦੇ ਹਨ, ਪਰ ਇਨ੍ਹਾਂ ਤਰੀਕਿਆਂ ਨਾਲ ਪ੍ਰਮਾਤਮਾ ਦੇ ਚਰਨਾਂ ਵਿੱਚ ਜੁੜਿਆ ਨਹੀਂ ਜਾ ਸਕਦਾ। ਹੇ ਭਾਈ, ਮੈਂ ਤਾਂ ਇਨ੍ਹਾਂ ਕਰਮਾਂ ਦਾ ਆਸਰਾ ਛੱਡ ਕੇ ਮਾਲਕ ਪ੍ਰਭੂ ਦੇ ਦਰ ਉੱਤੇ ਆ ਗਿਆ ਹਾਂ, ਅਤੇ ਅਰਜ਼ੋਈ ਅਰਦਾਸ ਕਰਦਾ ਰਹਿੰਦਾ ਹਾਂ। ਹੇ ਪ੍ਰਭੂ ਮੈਨੂੰ ਭਲੇ ਬੁਰੇ ਦੀ ਪਰਖ ਕਰ ਸਕਣ ਵਾਲੀ ਅਕਲ ਦੇ।ਰਹਾਉ।
ਹੇ ਭਾਈ, ਕੋਈ ਮਨੁੱਖ ਚੁੱਪ ਸਾਧੀ ਬੈਠਾ ਹੈ। ਕੋਈ ਕਰੋੜਪਤੀ ਬਣ ਗਿਆ ਹੈ। ਭਾਂਡਿਆਂ ਦੇ ਥਾਂ ਆਪਣੇ ਹੱਥ ਹੀ ਵਰਤਦਾ ਹੈ, ਕੋਈ ਜੰਗਲ ਵਿਚ ਨੰਗਾ ਤੁਰਿਆ ਫਿਰਦਾ ਹੈ। ਕੋਈ ਮਨੁੱਖ ਸਾਰੇ ਤੀਰਥਾਂ ਦਾ ਰਟਨ ਕਰ ਰਿਹਾ ਹੈ। ਕੋਈ ਸਾਰੀ ਧਰਤੀ ਵਿੱਚ ਘੁੰਮ ਰਿਹਾ ਹੈ, ਪਰ ਇਸ ਤਰ੍ਹਾਂ ਵੀ ਮਨ ਦੀ ਡਾਂਵਾਂਡੋਲ ਹਾਲਤ ਮੁੱਕਦੀ ਨਹੀਂ ਹੈ॥੨॥ ਹੇ ਭਾਈ, ਕੋਈ ਮਨੁੱਖ ਆਪਣੀ ਮਨੋਕਾਮਨਾ ਤੀਰਥਾਂ ਉੱਤੇ ਜਾ ਵੱਸਿਆ ਹੈ। ਮੁਕਤੀ ਦਾ ਚਾਹਵਾਨ ਆਪਣੇ ਸਿਰ 'ਤੇ ਸ਼ਿਵ ਜੀ ਵਾਲਾ ਆਰਾ ਰਖਾਉਂਦਾ ਹੈ ਅਤੇ ਆਪਣੇ ਆਪ ਨੂੰ ਚਿਰਵਾ ਲੈਂਦਾ ਹੈ, ਪਰ ਜੇ ਕੋਈ ਮਨੁੱਖ ਇਹੋ ਜਿਹੇ ਲੱਖਾਂ ਹੀ ਤਨ ਕਰੇ। ਇਸ ਤਰ੍ਹਾਂ ਵੀ ਮਨ ਵਿਕਾਰਾਂ ਦੀ ਮੈਲ ਨਹੀਂ ਲਹਿੰਦੀ।੪।
ਹੇ ਭਾਈ, ਕੋਈ ਮਨੁੱਖ ਸੋਨਾ, ਇਸਤਰੀ, ਵਧੀਆ ਘੋੜੇ, ਵਧੀਆ ਹਾਥੀ ਅਤੇ ਇਹੋ ਜਿਹੇ ਕਈ ਕਿਸਮਾਂ ਦੇ ਦਾਨ ਕਰਨ ਵਾਲਾ। ਕੋਈ ਮਨੁੱਖ ਅੰਨਦਾਨ ਕਰਦਾ ਹੈ। ਕੱਪੜੇ ਦਾਨ ਕਰਦਾ ਹੈ, ਜ਼ਮੀਨ ਦਾਨ ਕਰਦਾ ਹੈ। ਇਸ ਤਰ੍ਹਾਂ ਵੀ ਪ੍ਰਮਾਤਮਾ ਦੇ ਦਰ 'ਤੇ ਪਹੁੰਚ ਨਹੀਂ ਸਕਦਾ।੪। ਹੇ ਭਾਈ, ਕੋਈ ਮਨੁੱਖ ਦੇਵ ਪੂਜਾ ਵਿੱਚ, ਦੇਵਤਿਆਂ ਨੂੰ ਨਮਸਕਾਰ ਡੰਡਉਤ ਕਰਨ ਵਿੱਚ, 6 ਕਰਮਾਂ ਦੇ ਕਰਨ ਵਿੱਚ ਮਸਤ ਰਹਿੰਦਾ ਹੈ, ਪਰ ਉਹ ਵੀ ਇਨ੍ਹਾਂ ਮਿੱਥੇ ਹੋਏ ਧਾਰਮਿਕ ਕਰਮਾਂ ਦੇ ਕਰਨ ਕਰ ਕੇ ਆਪਣੇ ਆਪ ਨੂੰ ਧਰਮੀ ਜਾਣ ਕੇ ਹੰਕਾਰ ਨਾਲ ਕਰਦਾ ਹੋਇਆ ਮਾਇਆ ਮੋਹ ਦੇ ਬੰਧਨਾਂ ਵਿੱਚ ਜਕੜਿਆ ਰਹਿੰਦਾ ਹੈ। ਇਸ ਤਰੀਕੇ ਵੀ ਪ੍ਰਮਾਤਮਾ ਨੂੰ ਨਹੀਂ ਮਿਲ ਸਕਦਾ।੫।
ਜੋਗ ਮਤ ਵਿੱਚ ਸਿੱਧਾਂ ਦੇ ਪ੍ਰਸਿੱਧ ਚੋਰਾਸੀ ਆਸਣ ਹਨ। ਇਹ ਆਸਣ ਕਰ ਕਰ ਕੇ ਵੀ ਮਨੁੱਖ ਥੱਕ ਜਾਂਦਾ ਹੈ। ਉਮਰ ਤਾਂ ਲੰਮੀ ਕਰ ਲੈਂਦਾ ਹੈ, ਪਰ ਇਸ ਤਰ੍ਹਾਂ ਪ੍ਰਮਾਤਮਾ ਨਾਲ ਮਿਲਾਪ ਨਹੀਂ ਹੁੰਦਾ, ਮੁੜ ਮੁੜ ਜਨਮਾਂ ਦੇ ਗੇੜ ਵਿੱਚ ਪਿਆ ਰਹਿੰਦਾ ਹੈ।੬। ਹੇ ਭਾਈ, ਕਈ ਅਜਿਹੇ ਹਨ, ਜੋ ਰਾਜ ਹਕੂਮਤ ਦੇ ਰੰਗ ਤਮਾਸ਼ੇ ਮਾਣਦੇ ਹਨ। ਰਾਜਿਆਂ ਵਾਲੇ ਠਾਠ ਬਾਠ ਬਣਾਉਂਦੇ ਹਨ। ਲੋਕਾਂ ਉੱਤੇ ਹੁਕਮ ਚਲਾਉਂਦੇ ਹਨ। ਕੋਈ ਉਨ੍ਹਾਂ ਦਾ ਹੁਕਮ ਮੋੜ ਨਹੀਂ ਸਕਦਾ। ਸੁੰਦਰ ਇਸਤਰੀ ਦੀ ਸੇਜ ਮਾਣਦੇ ਹਨ, ਆਪਣੇ ਸਰੀਰ ਉਤੇ ਚੰਦਨ ਅਤੇ ਇਤਰ ਵਰਤਦੇ ਹਨ, ਪਰ ਇਹ ਸਭ ਕੁਝ ਤਾਂ ਭਿਆਨਕ ਨਰਕ ਵੱਲ ਲੈ ਜਾਣ ਵਾਲਾ ਹੈ।੭।
ਹੇ ਭਾਈ, ਸਾਧ ਸੰਗਤਿ ਵਿੱਚ ਬੈਠ ਕੇ ਪ੍ਰਮਾਤਮਾ ਦੀ ਸਿਫ਼ਤਿ ਸਾਲਾਹਿ ਕਰਨੀ, ਇਹ ਕੰਮ ਹੋਰ ਸਾਰੇ ਕਰਮਾਂ ਨਾਲੋਂ ਉਤਮ ਹੈ, ਪਰ ਨਾਨਕ ਕਹਿੰਦਾ ਹੈ ਕਿ ਇਹ ਮੌਕਾ ਉਸ ਮਨੁੱਖ ਨੂੰ ਹੀ ਮਿਲਦਾ ਹੈ ਜਿਸ ਦੇ ਮੱਥੇ ਉੱਤੇ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ ਲੇਖ ਲਿਖੇ ਹੁੰਦੇ ਹਨ।੮। ਹੇ ਭਾਈ, ਤੇਰਾ ਸੇਵਕ ਤੇਰੀ ਸਿਫ਼ਤਿ ਸਾਲਾਹਿ ਦੇ ਰੰਗ 'ਚ ਮਸਤ ਰਹਿੰਦਾ ਹੈ। ਹੇ ਭਾਈ, ਦੀਨਾਂ ਦੇ ਦੁੱਖ ਦੂਰ ਕਰਨ ਵਾਲਾ ਪ੍ਰਮਾਤਮਾ ਜਿਸ ਮਨੁੱਖ ਉੱਤੇ ਦਇਆਵਾਨ ਹੋ ਜਾਂਦਾ ਹੈ, ਉਸ ਦਾ ਇਹ ਮਨ ਪ੍ਰਮਾਤਮਾ ਦੀ ਸਿਫ਼ਤਿ-ਸਾਲਾਹਿ ਦੇ ਰੰਗ ਵਿੱਚ ਰੰਗ ਜਾਂਦਾ ਹੈ॥ ਰਹਾਉ ਦੂਜਾ॥੧॥੩॥