ਅੰਮ੍ਰਿਤਸਰ: ਕਹਿੰਦੇ ਹਨ ਕਿ ਇਨਸਾਨ ਦੀ ਸ਼ਰਧਾ ਉਸਨੂੰ ਕਦੇ ਸਰਦੀ ਗਰਮੀ ਦਾ ਅਹਿਸਾਸ ਨਹੀਂ ਹੋਣ ਦਿੰਦੀ ਅਤੇ ਗੁਰੂ ਘਰ ਨਾਲ ਪਿਆਰ ਕਰਨ ਵਾਲੇ ਕਦੇ ਸਰਦੀ ਗਰਮੀ ਤੋਂ ਨਹੀਂ ਘਬਰਾਉਂਦੇ। ਅਜਿਹਾ ਹੀ ਨਜ਼ਾਰਾ ਅੱਜਕਲ੍ਹ ਤਪਦੀ ਗਰਮੀ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੇਖਣ ਨੂੰ ਮਿਲ ਰਿਹਾ ਹੈ।
ਸੰਗਤਾਂ ਦਾ ਅਥਾਹ ਵਿਸ਼ਵਾਸ ਅਤੇ ਸ਼ਰਧਾ ਉਨ੍ਹਾਂ ਨੂੰ ਗੁਰੂ ਘਰ ਦੇ ਦਰਸ਼ਨਾਂ ਲਈ ਲੈਕੇ ਆ ਰਹੀ ਹੈ।ਜਿਸ ਦੇ ਚਲਦੇ ਨਾਂ ਤਾਂ ਉਹ ਗਰਮੀ ਦੀ ਪਰਵਾਹ ਕਰ ਰਹੇ ਹਨ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਗਰਮੀ ਦਾ ਕੋਈ ਡਰ ਹੈ। ਉਨ੍ਹਾਂ ਦੀ ਆਸਥਾ ਗੁਰੂ ਘਰ ਨਾਲ ਜੁੜੀ ਹੋਈ ਹੈ।
ਇੱਥੇ ਪੁਹੰਚੇ ਸ਼ਰਧਾਲੂਆਂ ਦਾ ਕਹਿਣੈ ਕਿ ਇੱਥੇ ਦੇਸ-ਵਿਦੇਸ਼ ਤੋਂ ਸੰਗਤਾਂ ਗੁਰੂ ਘਰ ਵਿੱਚ ਆਪਣੇ ਪਰਿਵਾਰਾਂ ਸਣੇ ਨਤਮਸਤਕ ਹੋਣ ਲਈ ਆਈਆਂ ਹਨ। ਉਨ੍ਹਾਂ ਕਿਹਾ ਸਾਡੇ ਗੁਰੂ ਤੱਤੀ ਤਵੀ ‘ਤੇ ਬੈਠ ਗਏ ਸਨ ਤੇ ਅਸੀਂ ਉਨ੍ਹਾਂ ਦੇ ਬੱਚੇ ਹਾਂ ਤੇ ਸਾਨੂੰ ਵੀ ਇੱਥੇ ਆਕੇ ਗਰਮੀ ਮਹਿਸੂਸ ਨਹੀਂ ਹੁੰਦੀ। ਸੰਗਤ ਦਾ ਕਹਿਣੈ ਕਿ ਸਾਡੀ ਸ਼ਰਧਾ ਦੇ ਅੱਗੇ ਇਹ ਗਰਮੀ ਕੁੱਝ ਨਹੀਂ ਹੈ। ਉਨ੍ਹਾਂ ਦਾ ਕਹਿਣਾ ਸੀ ਜਿਹੜਾ ਗੁਰੂ ਘਰ ਆ ਗਿਆ ਉਸਨੂੰ ਗਰਮੀ ਦਾ ਪਤਾ ਨਹੀਂ ਚਲਦਾ ਤੇ ਗੁਰੂ ਘਰ ਇਸਨਾਨ ਕਰਕੇ ਸਾਰੇ ਦੁਖ ਦੂਰ ਹੋ ਜਾਂਦੇ ਹਨ।
ਦੂਜੇ ਪਾਸੇ ਐਸਜੀਪੀਸੀ ਵੱਲੋਂ ਸੰਗਤ ਦੀ ਸਹੂਲਤ ਦੇ ਲਈ ਹਰ ਤਰ੍ਹਾਂ ਦੇ ਪ੍ਰਬੰਧ ਕਰਨ ਦੀ ਗੱਲ ਵੀ ਕਹੀ ਗਈ ਹੈ। ਗਰਮੀ ਦੇ ਚੱਲਦੇ ਵੱਖ-ਵੱਖ ਥਾਵਾਂ ਕੂਲਰ ਤੇ ਪੱਖੇ ਲਗਾਏ ਗਏ ਹਨ ਇਸਦੇ ਨਾਲ ਹੀ ਠੰਡੇ ਪਾਣੀ ਦੀਆਂ ਛਬੀਲਾਂ ਵੀ ਲਗਾਈਆਂ ਗਈਆਂ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਸੁਰਜੀਤ ਸਿੰਘ ਨੇ ਕਿਹਾ ਗਰਮੀ ਹੋਵੇ ਭਾਵੇਂ ਸਰਦੀ ਐਸਜੀਪੀਸੀ ਵੱਲੋਂ ਹਰ ਮੌਸਮ ਦੇ ਹਿਸਾਬ ਨਾਲ ਪੁਖਤਾ ਪ੍ਰਬੰਧ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ:ਜ਼ਿੰਦਾਦਿਲੀ ਦੀ ਮਿਸਾਲ ਹੈ ਸੜਕਾਂ ’ਤੇ ਮਜਦੂਰੀ ਕਰਦਾ ਇਹ ਨੌਜਵਾਨ...