ਅੰਮ੍ਰਿਤਸਰ : 22 ਜਨਵਰੀ ਨੂੰ ਅਯੋਧਿਆ ਵਿੱਚ ਸ੍ਰੀ ਰਾਮ ਮੰਦਿਰ ਦਾ ਉਦਘਾਟਨ ਹੋਣ ਜਾ ਰਿਹਾ ਹੈ ਅਤੇ ਇਸ ਨੂੰ ਲੈਕੇ ਪੂਰੇ ਭਾਰਤ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਤੇ ਯਾਤਰਾ ਕੱਢ ਕੇ ਅਤੇ ਕਿਤੇ ਦੀਵੇ ਵੰਡ ਕੇ 22 ਜਨਵਰੀ ਨੂੰ ਦਿਵਾਲੀ ਜਿਹਾ ਮਾਹੌਲ ਦਰਸਾਇਆ ਜਾ ਰਿਹਾ ਹੈ। ਇਸ ਵਿਚਾਲੇ ਅੰਮ੍ਰਿਤਸਰ ਤੋਂ ਇੰਟਰਨੈਸ਼ਨਲ ਪੇਂਟਿੰਗ ਆਰਟਿਸਟ ਡਾਕਟਰ ਜਗਜੋਤ ਸਿੰਘ ਰੂਬਲ ਵੱਲੋਂ ਸ੍ਰੀ ਰਾਮ ਭਗਵਾਨ ਜੀ ਅਤੇ ਅਯੋਧਿਆ ਮੰਦਿਰ ਦੀ ਪੇਂਟਿੰਗ ਤਿਆਰ ਕੀਤੀ ਗਈ ਹੈ ਅਤੇ ਇਸ ਪੇਂਟਿੰਗ ਦੀ ਉਚਾਈ 7 ਫੁੱਟ ਚੌੜੀ ਤੇ 10 ਫੁੱਟ ਲੰਬੀ ਹੈ।
ਪੇਂਟਿੰਗ ਜ਼ਰੀਏ ਜਾਹਿਰ ਕੀਤੀ ਸ਼ਰਧਾ : ਇਸ ਬਾਰੇ ਗੱਲਬਾਤ ਕਰਦਿਆਂ ਡਾਕਟਰ ਜਗਜੋਤ ਸਿੰਘ ਰੂਬਲ ਨੇ ਦੱਸਿਆ ਕਿ ਅਯੋਧਿਆ ਵਿੱਚ ਬਣ ਰਹੇ ਭਗਵਾਨ ਰਾਮ ਜੀ ਦੇ ਮੰਦਿਰ ਨੂੰ ਲੈ ਕੇ ਹਰ ਕਿਸੇ ਦੇ ਵਿੱਚ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਇਸ ਪਾਵਨ ਮੌਕੇ ਉਹਨਾਂ ਨੇ ਆਪਣੇ ਤਰੀਕੇ ਨਾਲ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਹੋਏ ਇੱਕ ਵੱਡੀ ਪੇਂਟਿੰਗ ਤਿਆਰ ਕੀਤੀ ਹੈ। ਉਹਨਾਂ ਦੀ ਦਿਲੋਂ ਤਮੰਨਾ ਹੈ ਕਿ ਇਸ ਪੇਂਟਿੰਗ ਨੂੰ ਉਹ ਅਯੋਧਿਆ ਰਾਮ ਮੰਦਿਰ ਵਿੱਚ ਸੁਸ਼ੋਭਿਤ ਕਰਵਾਉਣ। ਜਿਸ ਦੇ ਲਈ ਉਹਨਾਂ ਵੱਲੋਂ ਦੁਰਗਿਆਣਾ ਕਮੇਟੀ ਨਾਲ ਗੱਲਬਾਤ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ 1 ਜਨਵਰੀ 2024 ਨੂੰ ਉਹਨਾਂ ਵੱਲੋਂ ਇਹ ਪੇਂਟਿੰਗ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਸੀ ਅਤੇ 18 ਦਿਨਾਂ ਵਿੱਚ ਇਸ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਹੈ।
ਰਾਮ ਮੰਦਿਰ ਤੱਕ ਪਹੁੰਚਾਉਣ ਦੀ ਅਪੀਲ : ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਇਸ ਪੇਂਟਿੰਗ ਨੂੰ ਬਣਾਉਣ ਦੇ ਸਮੇਂ ਖਾਸ ਸੁਚਤਾ ਦਾ ਧਿਆਨ ਉਹਨਾਂ ਵੱਲੋਂ ਰੱਖਿਆ ਜਾਂਦਾ ਸੀ ਅਤੇ ਹੁਣ ਇਹ ਪੇਂਟਿੰਗ ਪੂਰੀ ਤਰੀਕੇ ਨਾਲ ਬਣ ਕੇ ਤਿਆਰ ਹੋ ਚੁੱਕੀ ਹੈ ਅਤੇ ਹੁਣ ਉਹਨਾਂ ਵੱਲੋਂ ਦੁਰਗਿਆਣਾ ਕਮੇਟੀ ਵਿੱਚ ਗੱਲ ਕਰਕੇ ਇਸ ਪੇਂਟਿੰਗ ਨੂੰ ਅਯੋਧਿਆ ਤੱਕ ਪਹੁੰਚਾਇਆ ਜਾਵੇਗਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਉਹ 22 ਜਨਵਰੀ ਵਾਲੇ ਦਿਨ ਆਪਣੇ ਘਰਾਂ ਵਿੱਚ ਦੀਵੇ ਜਗਾ ਕੇ ਖੁਸ਼ੀ ਮਨਾਉਣਗੇ ਅਤੇ ਨਾਲ ਹੀ ਪੂਰੇ ਦੇਸ਼ ਵਾਸੀਆਂ ਨੂੰ ਵੀ ਅਪੀਲ ਕਰਦੇ ਹਨ ਕਿ ਲੋਕ ਵੀ 22 ਜਨਵਰੀ ਨੂੰ ਦਿਵਾਲੀ ਵਰਗਾ ਮਾਹੌਲ ਬਣਾਉਣ।
- ਸਰਕਾਰੀ ਕਰਮਚਾਰੀਆਂ ਨੂੰ 'ਪ੍ਰਾਣ ਪ੍ਰਤਿਸ਼ਠਾ ਸਮਾਰੋਹ' ਵਾਲੇ ਦਿਨ ਅੱਧੇ ਦਿਨ ਦੀ ਛੁੱਟੀ
- ਅਰੁਣ ਯੋਗੀਰਾਜ ਦੀ ਬਣਾਈ ਮੂਰਤੀ ਰਾਮ ਮੰਦਿਰ 'ਚ ਸਥਾਪਿਤ ਹੋਵੇਗੀ, ਚੰਪਤ ਰਾਏ ਨੇ ਕੀਤਾ ਪਵਿੱਤਰ ਸੰਸਕਾਰ ਦਾ ਪ੍ਰੋਗਰਾਮ
- ਅਯੁੱਧਿਆ ਰਾਮ ਮੰਦਿਰ ਤੋਂ ਸਾਹਮਣੇ ਆਈ ਰਾਮਲੱਲਾ ਦੀ ਮੂਰਤੀ ਦੀ ਪਹਿਲੀ ਤਸਵੀਰ, ਕਰੋ ਦਰਸ਼ਨ
ਪਹਿਲਾਂ ਵੀ ਤਿਆਰ ਕੀਤੀਆਂ ਯਾਦਗਾਰ ਤਸਵੀਰਾਂ : ਜ਼ਿਕਰਯੋਗ ਹੈ ਕਿ ਕਲਾਕਾਰ ਜਗਜੋਤ ਸਿੰਘ ਰੂਬਲ ਨੇ ਪਹਿਲਾਂ ਵੀ ਬਹੁਤ ਸਾਰੀਆਂ ਪੇਂਟਿੰਗ ਤਿਆਰ ਕੀਤੀਆਂ ਹਨ ਅਤੇ ਬਹੁਤ ਸਾਰੇ ਰਾਜਨੀਤਿਕ ਨੈਤਾਵਾਂ ਦੀਆਂ ਪੇਂਟਿੰਗਸ ਬਣਾ ਕੇ ਉਹਨਾਂ ਨੂੰ ਦਿੱਤੀਆਂ ਹਨ। ਇੰਨਾ ਹੀ ਨਹੀਂ ਉਹਨਾਂ ਨੇ ਕਈ ਫਿਲਮੀ ਕਲਾਕਾਰਾਂ ਦੀਆਂ ਪੇਂਟਿੰਗ ਬਣਾ ਕੇ ਵੀ ਉਹਨਾਂ ਨੂੰ ਭੇਂਟ ਕੀਤੀਆਂ ਹਨ। ਜਿਸ ਦੇ ਚਲਦੇ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਤੇ ਦੇਸ਼ ਦੇ ਰਾਸ਼ਟਰਪਤੀ ਵੱਲੋਂ ਉਹਨਾਂ ਨੂੰ ਪ੍ਰਸ਼ੰਸ਼ਾ ਪੱਤਰ ਵੀ ਮਿਲ ਚੁੱਕੇ ਹਨ ਹੁਣ ਦੇਖਣਾ ਇਹ ਹੋਵੇਗਾ ਕਿ ਜਗਜੋਤ ਸਿੰਘ ਰੂਬਲ ਵੱਲੋਂ ਤਿਆਰ ਕੀਤੀ ਇਹ ਪੇਂਟਿੰਗ ਅਯੋਧਿਆ ਰਾਮ ਮੰਦਿਰ ਵਿੱਚ ਜਾਂਦੀ ਹੈ ਜਾਂ ਨਹੀਂ।